ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਿਤਾਬ ‘ਅਪਨਾਪਨ’ ਦੀ ਸ਼ਲਾਘਾ ਕਰਦਿਆਂ ਇਸ ਨੂੰ ਜਨਤਕ ਸੇਵਾ, ਭਲਾਈ ਅਤੇ ਲੋਕ-ਕੇਂਦ੍ਰਿਤ ਲੀਡਰਸ਼ਿਪ ਦਾ ਪ੍ਰਤੀਬਿੰਬ ਦੱਸਿਆ ਹੈ।
ਸੋਸ਼ਲ ਮੀਡੀਆ ’ਤੇ ਪਾਈ ਇੱਕ ਪੋਸਟ ਵਿੱਚ ਮੁੱਖ ਮੰਤਰੀ ਗੁਪਤਾ ਨੇ ਕਿਹਾ ਕਿ ਇਹ ਕਿਤਾਬ ਸੇਵਾ, ਜਨਤਕ ਹਿੱਸੇਦਾਰੀ ਅਤੇ ਰਾਸ਼ਟਰ-ਪਹਿਲੀ ਰਾਜਨੀਤੀ ਵਰਗੇ ਵਿਸ਼ਿਆਂ ਨੂੰ ਉਜਾਗਰ ਕਰਦੀ ਹੈ। ਇਸ ਨੂੰ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਪਹੁੰਚ ਨਾਲ ਜੋੜਿਆ।
ਉਨ੍ਹਾਂ ਐਕਸ ਉੱਪਰ ਲਿਖਿਆ ‘ਅੱਜ ਸਾਬਕਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦੀ ਹਾਜ਼ਰੀ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਲਿਖੀ ਕਿਤਾਬ ‘ਅਪਨਾਪਨ’ ਰਿਲੀਜ਼ ਕੀਤੀ ਗਈ। ਮੈਨੂੰ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਮਾਣ ਪ੍ਰਾਪਤ ਹੋਇਆ।’
ਉਨ੍ਹਾਂ ਦੱਸਿਆ ਕਿ ਇਹ ਰਚਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੇਮਿਸਾਲ ਸ਼ਖ਼ਸੀਅਤ, ਰਾਸ਼ਟਰ ਪ੍ਰਤੀ ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਉਨ੍ਹਾਂ ਦੇ ਨਿਰੰਤਰ ਸਮਰਪਣ ਨੂੰ ਨੇੜਿਓਂ ਪੇਸ਼ ਕਰਦੀ ਹੈ। ਜਦੋਂ ਜਨਤਕ ਭਲਾਈ ਅਤੇ ਜਨਤਕ ਭਾਗੀਦਾਰੀ ਇੱਕ ਲੀਡਰਸ਼ਿਪ ਦੀ ਤਾਕਤ ਬਣ ਜਾਂਦੀ ਹੈ ਤਾਂ ਰਾਸ਼ਟਰ ਨਿਰਮਾਣ ਦਾ ਇੱਕ ਨਵਾਂ ਇਤਿਹਾਸ ਸਿਰਜਿਆ ਜਾਂਦਾ ਹੈ। ਇਹ ਕਿਤਾਬ ਸੇਵਾ ਅਤੇ ਰਾਸ਼ਟਰੀ ਭਲਾਈ ਦੀ ਭਾਵਨਾ ਦਾ ਜੀਵਤ ਦਸਤਾਵੇਜ਼ ਹੈ। ਉਨ੍ਹਾਂ ਨੇ ਸ੍ਰੀ ਸ਼ਿਵਰਾਜ ਨੂੰ ਆਪਣੇ ਅਨੁਭਵਾਂ ਨੂੰ ਸ਼ਬਦਾਂ ਵਿੱਚ ਢਾਲਣ ਲਈ ਵਧਾਈਆਂ ਦਿੱਤੀਆਂ। ਸ੍ਰੀਮਤੀ ਗੁਪਤਾ ਨੇ ਦਾਅਵਾ ਕੀਤਾ ਕਿ ਬਿਨਾਂ ਸ਼ੱਕ ਇਹ ਕਿਤਾਬ ਲੱਖਾਂ ਵਰਕਰਾਂ ਅਤੇ ਜਨਤਕ ਜੀਵਨ ਵਿੱਚ ਸਰਗਰਮ ਹਰ ਰਾਸ਼ਟਰੀ ਸੇਵਕ ਲਈ ਪ੍ਰੇਰਨਾ ਸਾਬਤ ਹੋਵੇਗੀ।

