Delhi ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ
ਸੀਨੀਅਰ ਮੀਤ ਪ੍ਰਧਾਨ ਰਿਆਤ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਲ ਹੋਏ
ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ 25 ਸਾਲਾਂ ਤੋਂ ਪਾਰਟੀ ਨਾਲ ਜੁੜ ਕੇ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਰਾਮਗੜ੍ਹੀਆ ਆਲ ਇੰਡੀਆ ਵਿਸ਼ਕਰਮਾ ਫੈੱਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਰਿਆਤ ਅੱਜ ਆਪਣੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ ਹੋ ਗਏ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਐੱਮ ਪੀ ਐੱਸ ਚੱਢਾ ਨੇ ਸ੍ਰੀ ਰਿਆਤ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਜੀ ਆਇਆਂ ਆਖਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਇਸ ਮੌਕੇ ਰਣਜੀਤ ਕੌਰ ਤੇ ਸੁਖਦੇਵ ਸਿੰਘ ਬੱਬਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਸ੍ਰੀ ਰਿਆਤ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕਾਲਕਾ ਅਤੇ ਸ੍ਰੀ ਕਾਹਲੋਂ ਨੇ ਕਿਹਾ ਕਿ ਸੁਖਦੇਵ ਸਿੰਘ ਰਿਆਤ ਅਤੇ ਸਾਥੀਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਉਂਦੀਆਂ ਚੋਣਾਂ ਵਿੱਚ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ। ਸ੍ਰੀ ਰਿਆਤ ਦੇ ਆਉਣ ਨਾਲ ਘੱਟੋ-ਘੱਟ 10 ਸੀਟਾਂ ਦਾ ਹੋਰ ਇਜਾਫ਼ਾ ਹੋਵੇਗਾ।
ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ 2021 ਦੀਆਂ ਚੋਣਾਂ ਵਿੱਚ ਦਿੱਲੀ ਦੀ ਸੰਗਤ ਨੇ ਕਰੋਨਾ ਕਾਲ ਅਤੇ ਕਿਸਾਨ ਅੰਦੋਲਨ ਵੇਲੇ ਸੇਵਾ ਕਰਨ ਦੇ ਨਾਲ-ਨਾਲ ਪ੍ਰਦਾਨ ਕੀਤੀਆਂ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਸੇਵਾਵਾਂ ਅਤੇ ਧਾਰਮਿਕ ਕਾਰਜਾਂ ਵਿੱਚ ਨਿਭਾਈ ਭੂਮਿਕਾ ਬਦਲੇ ਉਨ੍ਹਾਂ ਦੀ ਪਾਰਟੀ ਦੀ ਝੋਲੀ ਜਿੱਤ ਪਾਈ ਤੇ ਸਾਡੇ 30 ਮੈਂਬਰ ਚੋਣਾਂ ਜਿੱਤੇ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਉਸ ਵੇਲੇ ਦੀ ਪੰਜਾਬ ਦੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਨ੍ਹਾਂ ’ਤੇ ਸਰਨਾ ਭਰਾਵਾਂ ਅਤੇ ਮਨਜੀਤ ਸਿੰਘ ਜੀ ਕੇ ਨਾਲ ਸਾਂਝ ਪਾਉਣ ਵਾਸਤੇ ਦਬਾਅ ਬਣਾਇਆ ਪਰ ਉਨ੍ਹਾਂ ਇਹ ਗੱਲ ਮੰਨਣ ਦੀ ਥਾਂ ਦਿੱਲੀ ਦੀ ਸੰਗਤ ਦੇ ਫ਼ਤਵੇ ਦਾ ਸਤਿਕਾਰ ਕਰਨ ਦਾ ਫ਼ੈਸਲਾ ਲਿਆ ਤੇ ਨਿਰੋਲ ਧਾਰਮਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਕਾਇਮ ਕੀਤੀ। ਉਨ੍ਹਾਂ ਦੀ ਪਾਰਟੀ ਨੂੰ ਸੰਗਤ ਨੇ ਵੱਡਾ ਹੁੰਗਾਰਾ ਦਿੱਤਾ। ਉਹ ਰਾਜਨੀਤੀ ਕਰਨ ਦੀ ਥਾਂ ਸੰਗਤ ਦੀ ਸੇਵਾ ਦੇ ਵਿਸ਼ਵਾਸ ਨਾਲ ਕਾਰਜ ਕਰ ਰਹੇ ਹਨ। ਪਿਛਲੇ 4 ਸਾਲਾਂ ਵਿੱਚ ਬਹੁਤ ਅਹਿਮ ਕਾਰਜ ਕੀਤੇ ਗਏ ਹਨ।

