ਇੱਥੇ ਬੁੱਧਵਾਰ ਅਤੇ ਵੀਰਵਾਰ ਦੀ ਰਾਤ ਨੂੰ ਨੈਸ਼ਨਲ ਹਾਈਵੇਅ 5 ’ਤੇ ਸ਼ਿਮਲਾ ਅਤੇ ਦਿੱਲੀ ਪੁਲੀਸ ਵਿਚਕਾਰ ਨਾਟਕੀ ਸਥਿਤੀ ਪੈਦਾ ਹੋ ਗਈ। ਇਹ ਟਕਰਾਅ ਉਦੋਂ ਹੋਇਆ ਜਦੋਂ ਦਿੱਲੀ ਪੁਲੀਸ ਦੀ ਟੀਮ ਤਿੰਨ ਯੂਥ ਕਾਂਗਰਸ ਵਰਕਰਾਂ ਨੂੰ ਲਿਜਾ ਰਹੀ ਸੀ ਜਿਨ੍ਹਾਂ ਨੂੰ 20 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਹੋਏ ‘ਕਮੀਜ਼ ਲਾਹ ਕੇ ਵਿਰੋਧ ਪ੍ਰਦਰਸ਼ਨ’ ਕਰਨ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਸ਼ਿਮਲਾ ਪੁਲੀਸ ਨੇ ਰਾਸ਼ਟਰੀ ਰਾਜਮਾਰਗ 5 ’ਤੇ ਦਿੱਲੀ ਪੁਲੀਸ ਦੇ ਕਾਫ਼ਲੇ ਨੂੰ ਰੋਕਿਆ। ਸ਼ਿਮਲਾ ਪੁਲੀਸ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੂੰ ਬਿਨਾਂ ਕਿਸੇ ਢੁਕਵੀਂ ਪ੍ਰਕਿਰਿਆ ਦੇ ਜ਼ਬਰਦਸਤੀ ਲਿਜਾਇਆ ਜਾ ਰਿਹਾ ਸੀ।
ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਦਿੱਲੀ ਪੁਲੀਸ ਨੇ ਉਸ ਰਿਜ਼ੌਰਟ ਤੋਂ ਸੀ ਸੀ ਟੀ ਵੀ ਕੈਮਰਿਆਂ ਦੇ ਡੀ ਵੀ ਆਰ ਜ਼ਬਤ ਕੀਤੇ ਹਨ ਜਿੱਥੇ ਮੁਲਜ਼ਮ ਠਹਿਰੇ ਹੋਏ ਸਨ। ਇਹ ਸਾਮਾਨ ਬਿਨਾਂ ਕੋਈ ਰਸੀਦ ਜਾਂ ਅਧਿਕਾਰਤ ਮੀਮੋ ਜਾਰੀ ਕੀਤੇ ਬਿਨਾਂ ਜ਼ਬਤ ਕੀਤਾ। ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਸ਼ਿਮਲਾ ਪੁਲੀਸ ਨੇ ਅਣਪਛਾਤੇ ਦਿੱਲੀ ਪੁਲੀਸ ਕਰਮਚਾਰੀਆਂ ਵਿਰੁੱਧ ਅਗਵਾ ਦਾ ਕੇਸ ਦਰਜ ਕੀਤਾ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਕਾਰਵਾਈ ਕਾਰਨ ਦੋਵਾਂ ਪੁਲੀਸ ਟੀਮਾਂ ਵਿਚਕਾਰ ਤਿੱਖੀ ਬਹਿਸ ਹੋ ਗਈ ਅਤੇ ਹਾਈਵੇਅ ’ਤੇ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਜ਼ਿਕਰਯੋਗ ਹੈ ਕਿ ਤਿੰਨ ਮੁਲਜ਼ਮਾਂ ਸੌਰਵ, ਅਰਬਾਜ਼ ਅਤੇ ਸਿਧਾਰਥ ਨੂੰ ਦਿੱਲੀ ਦੇ ਭਾਰਤ ਮੰਡਪਮ ਵਿੱਚ ਏ ਆਈ ਇੰਪੈਕਟ ਸੰਮੇਲਨ ਦੌਰਾਨ ਵਿਰੋਧ ਪ੍ਰਦਰਸ਼ਨ ਵਿੱਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤੀ ਯੂਥ ਕਾਂਗਰਸ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਨੰਗੇ ਧੜ ਨਾਅਰੇਬਾਜ਼ੀ ਕਰ ਰਹੇ ਸਨ।

