‘ਮੇਰੇ ਹੱਥੋਂ ਇਹ ਮਰ ਗਈ ਹੈ, ਆ ਕੇ ਲੈ ਜਾਓ..’ , SWAT ਕਮਾਂਡੋ ਕਾਜਲ ਦੇ ਕਤਲ ਤੋਂ ਬਾਅਦ ਪਤੀ ਨੇ ਪਤਨੀ ਦੇ ਭਰਾ ਨੂੰ ਕੀਤਾ ਫ਼ੋਨ !
ਦਾਜ ਦੀ ਬਲੀ ਚੜ੍ਹੀ 24 ਸਾਲਾ ਕਾਜਲ; 4 ਮਹੀਨੇ ਦੀ ਗਰਭਵਤੀ ਸੀ ਮਹਿਲਾ ਕਮਾਂਡੋ; ਮੁਲਜ਼ਮ ਪਤੀ ਗ੍ਰਿਫਤਾਰ
SWAT Commando Murder: ਦਿੱਲੀ ਪੁਲੀਸ ਦੀ 24 ਸਾਲਾ SWAT ਕਮਾਂਡੋ ਕਾਜਲ ਚੌਧਰੀ ਦੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਾਜਲ ਦੇ ਭਰਾ ਨਿਖਿਲ ਨੇ ਦੱਸਿਆ ਕਿ 22 ਜਨਵਰੀ ਦੀ ਰਾਤ ਨੂੰ ਜਦੋਂ ਉਹ ਆਪਣੀ ਭੈਣ ਨਾਲ ਫ਼ੋਨ ’ਤੇ ਗੱਲ ਕਰ ਰਿਹਾ ਸੀ, ਤਾਂ ਉਸ ਨੇ ਕਾਜਲ ਦੀਆਂ ਚੀਕਾਂ ਸੁਣੀਆਂ। ਇਸ ਦੇ ਮਹਿਜ਼ ਪੰਜ ਮਿੰਟ ਬਾਅਦ ਉਸ ਦੇ ਜੀਜੇ ਅੰਕੁਰ ਨੇ ਫ਼ੋਨ ਕਰਕੇ ਬੇਹੱਦ ਰੂਹ ਕੰਬਾਊ ਲਹਿਜ਼ੇ ਵਿੱਚ ਕਿਹਾ, “ ਮੇਰੇ ਹੱਥੋਂ ਇਹ ਮਰ ਗਈ ਹੈ, ਆ ਕੇ ਇਸ ਦੀ ਦੇਹ ਲੈ ਜਾਓ।”
ਕਾਜਲ, ਜੋ ਕਿ ਚਾਰ ਮਹੀਨੇ ਦੀ ਗਰਭਵਤੀ ਸੀ, ਦੇ ਸਿਰ ’ਤੇ ਡੰਬਲ ਨਾਲ ਕਈ ਵਾਰ ਹਮਲਾ ਕੀਤਾ ਗਿਆ ਸੀ। ਗੰਭੀਰ ਸੱਟਾਂ ਕਾਰਨ ਡਾਕਟਰਾਂ ਨੇ ਉਸ ਨੂੰ ‘ਬਰੇਨ-ਡੈੱਡ’ ਐਲਾਨ ਦਿੱਤਾ ਸੀ ਅਤੇ 27 ਜਨਵਰੀ ਨੂੰ ਉਸ ਨੇ ਦਮ ਤੋੜ ਦਿੱਤਾ।
ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕਾਜਲ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਸਹੁਰੇ ਪਰਿਵਾਰ ਵੱਲੋਂ ਲਗਾਤਾਰ ਹੋਰ ਦਾਜ ਦੀ ਮੰਗ ਕੀਤੀ ਜਾਂਦੀ ਸੀ, ਜਿਸ ਵਿੱਚ ਬਾਅਦ ਵਿੱਚ ਉਸ ਦਾ ਪਤੀ ਅੰਕੁਰ ਵੀ ਸ਼ਾਮਲ ਹੋ ਗਿਆ।
ਕਾਜਲ 2022 ਵਿੱਚ ਦਿੱਲੀ ਪੁਲੀਸ ਵਿੱਚ ਭਰਤੀ ਹੋਈ ਸੀ ਅਤੇ ਸਪੈਸ਼ਲ ਸੈੱਲ ਦੀ SWAT ਯੂਨਿਟ ਵਿੱਚ ਤਾਇਨਾਤ ਸੀ। ਪੁਲੀਸ ਨੇ ਮੁਲਜ਼ਮ ਅੰਕੁਰ, ਜੋ ਕਿ ਰੱਖਿਆ ਮੰਤਰਾਲੇ ਵਿੱਚ ਕਲਰਕ ਵਜੋਂ ਤਾਇਨਾਤ ਸੀ, ਨੂੰ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ ਹੈ ਅਤੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕਾਜਲ ਦਾ ਡੇਢ ਸਾਲ ਦਾ ਪੁੱਤਰ ਹੁਣ ਆਪਣੇ ਨਾਨਕੇ ਪਰਿਵਾਰ ਕੋਲ ਹੈ।

