ਅਗਲੇ ਹੁਕਮਾਂ ਤੱਕ ਸਕੂਲ ਬੰਦ ਰਹਿਣਗੇ: ਸਿਸੋਦੀਆ

ਸਕੂਲ ਖੋਲ੍ਹਣ ਦੇ ਪੱਖ ਵਿਚ ਨਹੀਂ ਹਨ ਮਾਪੇ: ਸਿੱਖਿਆ ਮੰਤਰੀ

ਅਗਲੇ ਹੁਕਮਾਂ ਤੱਕ ਸਕੂਲ ਬੰਦ ਰਹਿਣਗੇ: ਸਿਸੋਦੀਆ

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ। -ਫੋਟੋ: ਦਿਓਲ

ਨਵੀਂ ਦਿੱਲੀ, 28 ਅਕਤੂਬਰ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੋਵਿਡ-19 ਦੀ ਸਥਿਤੀ ਨੂੰ ਦੇਖਦੇ ਹੋਏ ਕੌਮੀ ਰਾਜਧਾਨੀ ਵਿੱਚ ਅਗਲੇ ਹੁਕਮਾਂ ਤੱਕ ਸਕੂਲ ਬੰਦ ਰਹਿਣਗੇ। ਇਕ ਆਨਲਾਈਨ ਪ੍ਰੈੱਸ ਕਾਨਫਰੰਸ ਵਿੱਚ ਸ੍ਰੀ ਸਿਸੋਦੀਆ ਨੇ ਕਿਹਾ ਕਿ ਬੱਚਿਆਂ ਦੇ ਮਾਪੇ ਵੀ ਸਕੂਲ ਖੋਲ੍ਹਣ ਦੇ ਪੱਖ ਵਿੱਚ ਨਹੀਂ ਹਨ ਤੇ ਦਿੱਲੀ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਰਾਜਧਾਨੀ ਵਿੱਚ ਸਕੂਲ ਬੰਦ ਰਹਿਣਗੇ।

ਇਸ ਦੌਰਾਨ ਉਨ੍ਹਾਂ ਦੱਸਿਆ ਕਿ ‘ਅਸੀਂ ਲਗਾਤਾਰ ਬੱਚਿਆਂ ਦੇ ਮਾਪਿਆਂ ਤੋਂ ਸਲਾਹ ਮਸ਼ਵਰਾ ਲੈ ਰਹੇ ਹਾਂ ਤੇ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਸਕੂਲਾਂ ਨੂੰ ਮੁੜ ਖੋਲ੍ਹਣਾ ਸੁਰੱਖਿਅਤ ਹੋਵੇਗਾ ਜਾਂ ਨਹੀਂ। ਇਹ ਸੁਰੱਖਿਅਤ ਨਹੀਂ ਹੈ। ਜਿਥੇ ਵੀ ਸਕੂਲ ਖੋਲ੍ਹੇ ਗਏ ਹਨ, ਉਥੇ ਬੱਚਿਆਂ ਵਿੱਚ ਕੋਵਿਡ ਦੇ ਮਾਮਲੇ ਵਧੇ ਹਨ। ਇਸ ਲਈ ਅਸੀਂ ਰਾਜਧਾਨੀ ਵਿੱਚ ਹੁਣ ਸਕੂਲਾਂ ਨੂੰ ਨਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਤੇ ਉਹ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।’

ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿੱਚ ਮੰਗਲਵਾਰ ਨੂੰ ਕੋਵਿਡ ਦੇ 4,853 ਨਵੇਂ ਕੇਸ ਸਾਹਮਣੇ ਆਏ ਸਨ, ਜੋ ਇਥੇ ਹੁਣ ਤੱਕ ਇਕ ਦਿਨ ਵਿੱਚ ਆਏ ਕੇਸਾਂ ਵਿੱਚੋਂ ਸਭ ਤੋਂ ਵੱਧ ਹਨ ਤੇ ਇਨ੍ਹਾਂ ਕੇਸਾਂ ਨਾਲ ਰਾਜਧਾਨੀ ਵਿੱਚ ਮਰੀਜ਼ਾਂ ਦੀ ਗਿਣਤੀ 3.64 ਲੱਖ ਤੋਂ ਵਧ ਹੋ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਵਿੱਚ 16 ਸਤੰਬਰ ਨੂੰ ਇਕ ਦਿਨ ਵਿੱਚ 4,473 ਮਾਮਲੇ ਕੋਵਿਡ ਦੇ ਸਾਹਮਣੇ ਆਏ ਸਨ। ਦੱਸਣਯੋਗ ਹੈ ਕਿ ਦੇਸ਼ ਵਿੱਚ ਕਰੋਨਾ ਵਾਇਰਸ ਦੀ ਲਾਗ ਦੇ ਫੈਲਾਅ ਨੂੰ ਰੋਕਣ ਖਾਤਰ ਜਾਰੀ ਕੀਤੇ ਨਿਰਦੇਸ਼ਾਂ ਮਗਰੋਂ ਦੇਸ਼ ਵਿੱਚ 16 ਮਾਰਚ ਤੋਂ ਸਕੂਲ ਤੇ ਕਾਲਜ ਬੰਦ ਹਨ। ਲੌਕਡਾਊਨ ਮਗਰੋਂ ਅਨਲੌਕ-5 ਦੇ ਕੇਂਦਰੀ ਨਿਰਦੇਸ਼ਾਂ ਵਿੱਚ ਸੂਬਿਆਂ ਨੂੰ ਸਕੂਲ ਤੇ ਕਾਲਜ ਮੁੜ ਖੋਲ੍ਹਣ ਦਾ ਫ਼ੈਸਲਾ ਲੈਣ ਦਾ ਅਧਿਕਾਰ ਦਿੱਤਾ ਗਿਆ, ਜਿਸ ਮਗਰੋਂ ਕਈ ਰਾਜਾਂ ਨੇ ਸਕੂਲ ਖੋਲ੍ਹਣ ਦੀ ਪਕ੍ਰਿਰਿਆ ਸ਼ੁਰੂ ਕਰ ਦਿੱਤੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 21 ਸਤੰਬਰ ਤੋਂ ਸਕੂਲਾਂ ਨੂੰ ਨੌਵੀਂ ਤੋਂ ਬਾਰ੍ਹਵੀਂ ਤੱਕ ਵਿਦਿਆਰਥੀਆਂ ਨੂੰ ਬੁਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਦਿੱਲੀ ਸਰਕਾਰ ਨੇ ਇਸ ਖ਼ਿਲਾਫ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਵਿੱਚ ਸਕੂਲਾਂ ਦੀ ਸਫ਼ਾਈ ਕਰਨਾ ਤੇ ਉਨ੍ਹਾਂ ਨੂੰ ਰੋਗਾਣੂ ਮੁਕਤ ਕਰਨਾ ਸ਼ਾਮਲ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All