
ਨਵੀਂ ਦਿੱਲੀ, 23 ਮਾਰਚ
ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਇੱਕ ਸਕੂਲ ਦੇ 54 ਸਾਲਾ ਸੇਵਕ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਕਥਿਤ ਤੌਰ ’ਤੇ ਪੰਜਵੀਂ ਕਲਾਸ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮ ਦੀ ਪਛਾਣ ਅਜੈ ਵਜੋਂ ਹੋਈ ਹੈ, ਜੋ ਮੂਲ ਰੂਪ ’ਚ ਉਤਰ ਪ੍ਰਦੇਸ਼ ਦੇ ਜੌਨਪੁਰ ਦਾ ਰਹਿਣ ਵਾਲਾ ਹੈ, ਫਿਲਹਾਲ ਉਹ ਗਾਜੀਆਬਾਦ ਰਹਿੰਦਾ ਸੀ। ਪੁਲੀਸ ਨੇ ਦੱਸਿਆ ਕਿ ਉਸ ਦੇ ਸਾਥੀਆਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ। ਪੁਲੀਸ ਮੁਤਾਬਕ ਅਜੈ ਪਿਛਲੇ ਦਸ ਸਾਲਾਂ ਤੋਂ ਦਿੱਲੀ ਨਗਰ ਨਿਗਮ ਦੇ ਸਕੂਲ ਵਿੱਚ ਸੇਵਕ ਦੀ ਨੌਕਰੀ ਕਰਦਾ ਸੀ। ਉਕਤ ਘਟਨਾ 14 ਮਾਰਚ ਦੀ ਹੈ। ਘਟਨਾ ਤੋਂ ਬਾਅਦ ਵਿਦਿਆਰਥਣ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਤੇ ਉਹ ਸਾਲਾਨਾ ਪ੍ਰੀਖਿਆ ਵਿੱਚ ਵੀ ਨਹੀਂ ਬੈਠੀ। ਪੁਲੀਸ ਦੇ ਮੁਤਾਬਕ ਵਿਦਿਆਰਥਣ ਦੇ ਭਰਾ ਨੇ ਅਧਿਆਪਕ ਨੂੰ ਸਾਰੀ ਜਾਣਕਾਰੀ ਦਿੱਤੀ। ਥਾਣੇ ’ਚ ਦਰਜ ਸ਼ਿਕਾਇਤ ਮੁਤਾਬਕ ਮੁਲਜ਼ਮ ਸੇਵਕ ਲੜਕੀ ਨੂੰ ਸਕੂਲ ਤੋਂ ਕਿਤੇ ਲੈ ਗਿਆ ਤੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕੀਤਾ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਪੁਲੀਸ ਅਧਿਕਾਰੀ ਅਮਰਿਤਾ ਗੁਗੁਲੋਥ ਨੇ ਦੱਸਿਆ ਕਿ ਗਾਜੀਪੁਰ ਸਕੂਲ ਦੀ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਗਾਜੀਪੁਰ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ