ਨਵੀਂ ਦਿੱਲੀ, 7 ਸਤੰਬਰ
ਦਿੱਲੀ ਦੇ ਉਪ-ਰਾਜਪਾਲ ਵੀਕੇ ਸਕਸੈਨਾ ਨੇ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਰਾਜਘਾਟ ਅਤੇ ਪ੍ਰਗਤੀ ਮੈਦਾਨ ਦਾ ਦੌਰਾ ਕੀਤਾ। 9 ਤੋਂ 10 ਸਤੰਬਰ ਤੱਕ ਪ੍ਰਗਤੀ ਮੈਦਾਨ ਵਿੱਚ ਹੋਣ ਵਾਲੇ ਕੌਮਾਂਤਰੀ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਰਾਜਘਾਟ ਦਾ ਦੌਰਾ ਕਰਦੇ ਹੋਏ ਉਪ ਰਾਜਪਾਲ ਨੇ ਸੁਰੱਖਿਆ, ਸਫਾਈ, ਸੁੰਦਰੀਕਰਨ ਅਤੇ ਹੋਰ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਪ ਰਾਜਪਾਲ ਨੇ ਕਿਹਾ ਕਿ ਦਿੱਲੀ ਜੀ-20 ਸੰਮੇਲਨ ਦੌਰਾਨ ਪੁੱਜਣ ਵਾਲੇ ਡੈਲੀਗੇਟਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਦੌਰਾਨ ਵੀਕੇ ਸਕਸੈਨਾ ਨਾਲ ਮੁੱਖ ਸਕੱਤਰ ਨਰੇਸ਼ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਇਸ ਤੋਂ ਇਲਾਵਾ ਐਲਜੀ ਨੇ ਦਿੱਲੀ ਪੁਲੀਸ ਦੇ ਹੈੱਡਕਆਰਟਰ ਵਿੱਚ ਸਥਾਪਤ ਕੰਟਰੋਲ ਰੂਮ ਦਾ ਵੀ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਸਿਖਰ ਸੰਮੇਲਨ ਦੌਰਾਨ ਮੁੱਖ ਮਹਿਮਾਨਾਂ ਵੱਲੋਂ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਐੱਲਜੀ ਨੇ ਦੌਰੇ ਦੌਰਾਨ ਸੰਮੇਲਨ ਦੇ ਸਥਾਨ ਭਾਰਤ ਮੰਡਪਮ ਦਾ ਮੁਆਇਨਾ ਵੀ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਉਪ ਰਾਜਪਾਲ ਨੇ ‘ਪੀਟੀਆਈ’ ਨੂੰ ਦੱਸਿਆ ਸੀ ਕਿ ਸੰਮੇਲਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਦੱਿਸਆ ਕਿ ਐਲਜੀ ਨੇ 65 ਦਿਨਾਂ ਵਿੱਚ 59 ਥਾਵਾਂ ਦਾ ਦੌਰਾ ਕੀਤਾ ਹੈ। -ਪੀਟੀਆਈ
ਸੁਪਰੀਮ ਕੋਰਟ ਮੈਟਰੋ ਸਟੇਸ਼ਨ ਦੋ ਦਿਨ ਬੰਦ ਰਹੇਗਾ
ਨਵੀਂ ਦਿੱਲੀ: ਜੀ-20 ਸੰਮੇਲਨ ਦੌਰਾਨ 9 ਤੇ 10 ਸਤੰਬਰ ਨੂੰ ਸੁਪਰੀਮ ਕੋਰਟ ਮੈਟਰੋ ਸਟੇਸ਼ਨ ’ਤੇ ਯਾਤਰੀਆਂ ਨੂੰ ਮੈਟਰੋ ’ਚ ਚੜ੍ਹਨ ਤੇ ਉਤਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਕਿਹਾ ਕਿ 8 ਤੋਂ 10 ਸਤੰਬਰ ਤੱਕ ਦਿੱਲੀ ਮੈਟਰੋ ਦੀਆਂ ਸਾਰੀਆਂ ਲਾਈਨਾਂ ’ਤੇ ਟਰਮਿਨਲ ਸਟੇਸ਼ਨਾਂ ’ਤੇ ਸੇਵਾਵਾਂ ਸਵੇਰੇ ਚਾਰ ਵਜੇ ਸ਼ੁਰੂ ਹੋਣਗੀਆਂ। ਦਿੱਲੀ ਮੈਟਰੋ ਨੇ ਦੇਰ ਰਾਤ ਕਿਹਾ ਕਿ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਨੂੰ ਛੱਡ ਕੇ ਸਾਰੇ ਮੈਟਰੋ ਸਟੇਸ਼ਨ 10 ਤੱਕ ਆਮ ਲੋਕਾਂ ਨੂੰ ਖੁੱਲ੍ਹੇ ਰਹਿਣਗੇ, ਜਦੋਂ ਕਿ ਸੁਰੱਖਿਆ ਦੇ ਮੱਦੇਨਜ਼ਰ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਨੂੰ ਬੰਦ ਕੀਤਾ ਗਿਆ ਹੈ, ਕਿਉਂਕਿ ਇਹ ਸਟੇਸ਼ਨ ਪ੍ਰਗਤੀ ਮੈਦਾਨ ਨੇੜੇ ਹੈ। -ਪੀਟੀਆਈ