Satya Niketan Building Collapse: ਸੱਤਿਆ ਨਿਕੇਤਨ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਤਿੰਨ ਪਰਿਵਾਰਕ ਮੈਂਬਰ ਗ੍ਰਿਫ਼ਤਾਰ; ਬਚਾਅ ਕਾਰਜ ਮੁਕੰਮਲ
ਮਲਬੇ ਹੇਠੋਂ ਕੁੱਲ 12 ਲੋਕਾਂ ਨੂੰ ਕੱਢਿਆ ਗਿਆ ਬਾਹਰ, ਸੱਤ ਮ੍ਰਿਤਕਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਂਪੀਆਂ
ਦਿੱਲੀ ਦੇ ਸੱਤਿਆ ਨਿਕੇਤਨ ਵਿੱਚ ਲੜਕਿਆਂ ਦੀ ਪੀ ਜੀ ਵਾਲੀ ਇਮਾਰਤ ਦੇ ਡਿੱਗਣ ਦੇ ਮਾਮਲੇ 'ਚ ਜਾਇਦਾਦ ਦੇ ਮਾਲਕ ਸਮੇਤ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰੀਰਾਮ ਗੁਪਤਾ (81), ਉਸਦੀ ਪਤਨੀ ਉਰਮਿਲਾ ਗੁਪਤਾ (75) ਅਤੇ ਉਨ੍ਹਾਂ ਦੇ ਪੁੱਤਰ ਮਹੇਸ਼ ਗੁਪਤਾ (52) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਜਾਇਦਾਦ ਉਰਮਿਲਾ ਗੁਪਤਾ ਦੇ ਨਾਮ 'ਤੇ ਦਰਜ ਹੈ, ਜਦਕਿ ਇਸਦਾ ਪ੍ਰਬੰਧਨ ਅਤੇ ਸੰਚਾਲਨ ਉਸਦੇ ਪਤੀ ਅਤੇ ਪੁੱਤਰ ਦੁਆਰਾ ਕੀਤਾ ਜਾ ਰਿਹਾ ਸੀ।
ਪੁਲੀਸ ਅਨੁਸਾਰ, ਭਾਰਤੀ ਹਵਾਈ ਸੈਨਾ ਦੇ ਸੇਵਾਮੁਕਤ ਸਾਰਜੈਂਟ ਹਰੀਰਾਮ ਗੁਪਤਾ ਦੇ ਨਾਮ 'ਤੇ ਦੋ ਮੰਜ਼ਿਲਾਂ ਲਈ ਬਿਜਲੀ ਦੇ ਕੁਨੈਕਸ਼ਨ ਸਨ। ਮਹੇਸ਼ ਗੁਪਤਾ ਹਾਰਡਵੇਅਰ ਅਤੇ ਪੇਂਟ ਦੀ ਦੁਕਾਨ ਚਲਾਉਂਦਾ ਹੈ ਅਤੇ ਉਸਦੇ ਦੋ ਬੱਚੇ ਹਨ।
ਹਰੀਰਾਮ ਨੂੰ 10 ਪੁਲੀਸ ਟੀਮਾਂ ਦੀ ਸ਼ਮੂਲੀਅਤ ਵਾਲੇ ਇੱਕ ਵੱਡੇ ਤਲਾਸ਼ੀ ਅਭਿਆਨ ਤੋਂ ਬਾਅਦ ਭਿਵਾੜੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਤੋਂ ਮਾਮਲੇ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲੀਸ ਸੂਤਰ ਅਨੁਸਾਰ, ਐਤਵਾਰ ਨੂੰ ਜਦੋਂ ਇਮਾਰਤ ਡਿੱਗੀ ਤਾਂ ਹਰੀਰਾਮ ਗੁਰੂਗ੍ਰਾਮ ਵਿੱਚ ਸੀ। ਘਟਨਾ ਤੋਂ ਤੁਰੰਤ ਬਾਅਦ, ਉਸਦੇ ਜਾਣਕਾਰ ਇੱਕ ਵਿਅਕਤੀ ਨੇ ਉਸਨੂੰ ਫ਼ੋਨ ਕੀਤਾ ਅਤੇ ਇਮਾਰਤ ਡਿੱਗਣ ਬਾਰੇ ਸੂਚਿਤ ਕੀਤਾ। ਉਸਨੇ ਕਥਿਤ ਤੌਰ 'ਤੇ ਆਪਣਾ ਮੋਬਾਈਲ ਫ਼ੋਨ ਬੰਦ ਕਰ ਲਿਆ ਅਤੇ ਸ਼ਹਿਰ ਛੱਡ ਕੇ ਰੂਪੋਸ਼ ਹੋ ਗਿਆ।
ਜਾਇਦਾਦ ਦੇ ਮਾਲਕ ਦਾ ਵੇਰਵਾ ਪ੍ਰਾਪਤ ਕਰਨ ਤੋਂ ਬਾਅਦ, ਪੁਲੀਸ ਟੀਮਾਂ ਨੇ ਹਰੀਰਾਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਹੁੰਚ ਤੋਂ ਬਾਹਰ ਪਾਇਆ ਗਿਆ। ਇਸ ਤੋਂ ਬਾਅਦ, ਉਸਦਾ ਪਤਾ ਲਗਾਉਣ ਅਤੇ ਉਸਨੂੰ ਦੇਸ਼ ਛੱਡਣ ਤੋਂ ਰੋਕਣ ਲਈ ਇੱਕ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸਦਾ ਵੇਰਵਾ ਗੁਆਂਢੀ ਸੂਬਿਆਂ ਅਤੇ ਹਵਾਈ ਅੱਡਿਆਂ ਨਾਲ ਵੀ ਸਾਂਝਾ ਕੀਤਾ ਗਿਆ ਸੀ।
ਉੱਥੇ ਹੀ ਏਜੰਸੀਆਂ ਨੇ ਦੱਸਿਆ ਕਿ ਬਚਾਅ ਕਾਰਜ ਹੁਣ ਮੁਕੰਮਲ ਹੋ ਗਿਆ ਹੈ। ਮਲਬੇ ਵਿੱਚੋਂ ਕੁੱਲ 12 ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ ਸੱਤ ਦੀ ਮੌਤ ਹੋ ਚੁੱਕੀ ਸੀ। ਸਾਰੇ ਮ੍ਰਿਤਕਾਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਇਹ ਇਮਾਰਤ ਐਤਵਾਰ ਨੂੰ ਦੁਪਹਿਰ 1:30 ਵਜੇ ਦੇ ਕਰੀਬ ਉਸ ਸਮੇਂ ਡਿੱਗ ਪਈ ਜਦੋਂ ਇਸ ਦੀ ਬੇਸਮੈਂਟ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

