ਸੰਯੁਕਤ ਕਿਸਾਨ ਮੋਰਚੇ ਵੱਲੋਂ ਕਬਾਇਲੀਆਂ ਦੇ ਅੰਦੋਲਨ ਦਾ ਸਮਰਥਨ

ਸੰਯੁਕਤ ਕਿਸਾਨ ਮੋਰਚੇ ਵੱਲੋਂ ਕਬਾਇਲੀਆਂ ਦੇ ਅੰਦੋਲਨ ਦਾ ਸਮਰਥਨ

ਪ੍ਰੈਸ ਕਾਨਫਰੰਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 20 ਜੂਨ

ਸੰਯੁਕਤ ਕਿਸਾਨ ਮੋਰਚਾ ਨੇ ਛੱਤੀਸਗੜ੍ਹ ਦੇ ਕਬਾਇਲੀਆਂ ਦੀ ਪਿੰਡ ਦੀ ਜ਼ਮੀਨ ਹੜੱਪਣ ਤੇ ਰੋਸ ਮੁਜ਼ਾਹਰੇ ’ਤੇ ਗੋਲੀ ਚਲਾਉਣ ਦੀ ਨਿੰਦਾ ਕਰਦਿਆਂ ਉਨ੍ਹਾਂ ਦੇ ਅੰਦੋਲਨ ਨੂੰ ਸਮਰਥਨ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਦੀ ਪ੍ਰਧਾਨਗੀ ਡਾ: ਅਸ਼ੀਸ਼ ਮਿੱਤਲ ਨੇ ਕੀਤੀ। ਬਾਅਦ ਵਿੱਚ ਡਾ. ਮਿੱਤਲ ਨੇ ਪ੍ਰੈਸ ਕਾਨਫਰੰਸ ਦੌਰਾਨ ਬੈਠਕ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ 30 ਜੂਨ ਨੂੰ ਸਾਰੀਆਂ ਹੱਦਾਂ ‘ਤੇ ਕ੍ਰਾਂਤੀ ਦਿਵਸ ਮਨਾਉਣ ਦਾ ਫੈਸਲਾ ਵੀ ਕੀਤਾ। ਇਸ ਦਿਨ ਕਬਾਇਲੀ ਖੇਤਰਾਂ ਦੇ ਮੈਂਬਰਾਂ ਨੂੰ ਧਰਨੇ ਵਾਲੀਆਂ ਥਾਵਾਂ ‘ਤੇ ਬੁਲਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਸੁਕਮਾ ਤੇ ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ ‘ਤੇ ਪੈਂਦੇ ਪਿੰਡ ਸੇਲੇਗਰ ਦੇ ਆਦਿਵਾਸੀਆਂ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ ਜੋ ਖੇਤਰ ਵਿਚ ਸੀਆਰਪੀਐਫ ਕੈਂਪ ਸਥਾਪਤ ਕਰਨ ਦੇ ਸਰਕਾਰ ਦੇ ਫੈਸਲੇ ਵਿਰੁੱਧ ਲੜ ਰਹੇ ਹਨ। ਇਹ ਜ਼ਮੀਨ ਸੰਵਿਧਾਨ ਦੀ 5 ਵੀਂ ਅਨੁਸੂਚੀ ਦੇ ਅਧੀਨ ਆਉਂਦੀ ਹੈ ਤੇ ਗ੍ਰਾਮ ਸਭਾਵਾਂ ਦੇ ਕਿਸੇ ਵੀ ਹਵਾਲੇ / ਫੈਸਲੇ ਤੋਂ ਬਿਨਾਂ ਜ਼ਮੀਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਜਾ ਰਿਹਾ ਹੈ। ਕੰਵਲਪ੍ਰੀਤ ਸਿੰਘ ਪੰਨੂ ਨੇ 17 ਮਈ ਨੂੰ ਪ੍ਰਦਰਸ਼ਨ ਕਰ ਰਹੇ ਆਦਿਵਾਸੀਆਂ ਉੱਤੇ ਕੀਤੀ ਗਈ ਗੋਲੀਬਾਰੀ ਦੀ ਨਿੰਦਾ ਕੀਤੀ।

26 ਜੂਨ ਨੂੰ ਬਿਜਲੀ ਦਫ਼ਤਰ ਦਾ ਕੀਤਾ ਜਾਵੇਗਾ ਘਿਰਾਓ: ਚੜੂਨੀ

ਸਿੰਘੂ ਹੱਦ ‘ਤੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੀ ਇਕ ਬੈਠਕ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਿਸਾਨੀ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਅਗਲੀ ਰਣਨੀਤੀ ਤਿਆਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਅਨੁਸਾਰ 26 ਜੂਨ ਨੂੰ ਹੋਏ ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ‘ਤੇ, ਹਰਿਆਣਾ ਦੇ ਕਿਸਾਨ ਰਾਸ਼ਟਰਪਤੀ ਦੇ ਨਾਮ ’ਤੇ ਰਾਜਪਾਲ ਨੂੰ ਚਿੱਠੀ ਸੌਂਪਣਗੇ। ਚਿੱਠੀ ਸੌਂਪਣ ਤੋਂ ਬਾਅਦ ਉਹ ਹਰਿਆਣੇ ਵਿੱਚ ਕਿਸਾਨਾਂ ਦੇ ਟਿਊਬਵੈਲ ਕੁਨੈਕਸ਼ਨ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਬਿਜਲੀ ਦਫ਼ਤਰ ਦਾ ਘਿਰਾਓ ਕਰਨਗੇ। ਉਨ੍ਹਾਂ ਦੱਸਿਆ ਸਿੰਘੂ ਸਰਹੱਦ ‘ਤੇ ਹੋਈ ਰਾਜ ਪੱਧਰੀ ਬੈਠਕ ਵਿਚ ਵੀ ਸੰਗਠਨ ਦਾ ਵਿਸਥਾਰ ਕੀਤਾ ਗਿਆ ਕਿ ਇਕ ਮਜ਼ਬੂਤ ਸੰਗਠਨ ਤੋਂ ਬਿਨਾਂ ਕੋਈ ਵੀ ਲਹਿਰ ਨਹੀਂ ਲੜੀ ਜਾ ਸਕਦੀ।

ਰਾਜ ਭਵਨ ਤੱਕ ਕੱਢੇ ਜਾਣ ਵਾਲੇ ਰੋਸ-ਮਾਰਚ ਲਈ ਲਾਮਬੰਦੀ

ਟਿਕਰੀ ਬਾਰਡਰ ’ਤੇ ਨੌਜਵਾਨ ਪ੍ਰੋਗਰਾਮ ਪੇਸ਼ ਕਰਦੇ ਹੋਏ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਜੂਨ ਨੂੰ ਦੇਸ਼-ਭਰ ’ਚ ‘’ਖੇਤੀ ਬਚਾਉ-ਲੋਕਤੰਤਰ ਬਚਾਉ’’ ਦਿਵਸ ਮਨਾਉਂਦਿਆਂ ਰਾਜ-ਭਵਨਾਂ ਅੱਗੇ ਪ੍ਰਦਰਸ਼ਨ ਕਰਦਿਆਂ ਗਵਰਨਰਾਂ ਰਾਹੀਂ ਰਾਸ਼ਟਰਪਤੀ ਨੂੰ ਰੋਸ-ਪੱਤਰ ਭੇਜੇ ਜਾਣਗੇ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੇ ਕਾਫ਼ਲੇ ਹਜ਼ਾਰਾਂ ਦੀ ਗਿਣਤੀ ’ਚ ਚੰਡੀਗੜ੍ਹ ਪਹੁੰਚਣਗੇ। ਇਸ ਸਬੰਧੀ ਤਿਆਰੀਆਂ ਲਈ ਪਿੰਡਾਂ ’ਚ ਮੀਟਿੰਗਾਂ ਜਾਰੀ ਹਨ। ਉਹਨਾਂ ਕਿਹਾ ਕਿ ਕਿ 26 ਜੂਨ ਨੂੰ 11 ਵਜੇ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਪੰਜਾਬ ਦੀਆਂ ਸਾਰੀਆਂ 32 ਕਿਸਾਨ ਅਤੇ ਜਥੇਬੰਦੀਆਂ ਦੇ ਆਗੂ ਪਹੁੰਚਣਗੇ ਅਤੇ ਗਵਰਨਰ ਹਾਊਸ ਨੂੰ ਰੋਸ-ਮਾਰਚ ਕੱਢਿਆ ਜਾਵੇਗਾ ਅਤੇ ਗਵਰਨਰ ਨੂੰ ਰੋਸ ਪੱਤਰ ਦਿੱਤਾ ਜਾਵੇਗਾ। ਇਹ ਰੋਸ ਮਾਰਚ ਗੁਰਦੁਆਰਾ ਅੰਬ ਸਾਹਿਬ ਤੋਂ ਆਪਣੇ ਆਪਣੇ ਸਾਧਨਾਂ ਰਾਹੀਂ ਗਵਰਨਰ ਹਾਊਸ ਨੂੰ ਕੂਚ ਕਰੇਗਾ।

ਕੋਰੀਓਗ੍ਰਾਫੀ ਪੇਸ਼ ਕਰ ਕੇ ਭਰਿਆ ਜੋਸ਼

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਖੇਤੀ ਸਬੰਧੀ ਬਣਾਏ ਤਿੰਨ ਕਾਲੇ ਕਾਨੂੰਨਾਂ ਤੋਂ ਪਹਿਲਾਂ ਵੀ ਆਪਣੇ ਰਾਜ ਦੀ ਉਮਰ ਲੰਮੀ ਕਰਨ ਵਾਸਤੇ ਭਾਜਪਾ ਦੀ ਹਕੂਮਤ ਨੇ ਅੱਡ ਅੱਡ ਧਰਮਾਂ ਅਤੇ ਕੌਮੀਅਤਾਂ ਦੇ ਨਾਂ ‘ਤੇ ਲੋਕਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ। ਆਲ ਇੰਡੀਆ ਡੀ ਵਾਈ ਓ ਜਥੇਬੰਦੀ ਦੇ ਆਗੂ ਪ੍ਰਿੰਸੀਪਲ ਸ਼ਾਰਦਾ ਦੀ ਅਗਵਾਈ ਹੇਠ ਵੱਡਾ ਜਥੇ ਦੇ ਪੰਡਾਲ ‘ਚ ਪਹੁੰਚਣ ਤੇ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ) ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਸਟੇਜ ਤੋਂ ਨੌਜਵਾਨ ਸੱਥ ਦੇ ਕਾਰਕੁਨਾਂ ਵੱਲੋਂ ‘ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ” ਕੋਰੀਓਗ੍ਰਾਫੀ ਪੇਸ਼ ਕੀਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All