Samsung India ਵੱਲੋਂ 100 ਦੇ ਕਰੀਬ ਮੁਲਾਜ਼ਮਾਂ ਦੀ ਛਾਂਟੀ: ਜਾਣੋ ਨੌਕਰੀਆਂ ਘਟਾਉਣ ਦਾ ਅਸਲ ਕਾਰਨ
ਵਧਦੇ ਖਰਚਿਆਂ, ਘਟਦੀ ਮੰਗ ਅਤੇ ਮੁਨਾਫ਼ੇ ’ਤੇ ਪਏ ਦਬਾਅ ਕਾਰਨ ਕੰਪਨੀ ਵੱਲੋਂ ਲਿਆ ਗਿਆ ਫ਼ੈਸਲਾ
ਦੁਨੀਆ ਦੀ ਪ੍ਰਮੁੱਖ ਇਲੈਕਟ੍ਰੌਨਿਕਸ ਕੰਪਨੀ ‘ਸੈਮਸੰਗ ਇੰਡੀਆ’ (Samsung India) ਨੇ ਆਪਣੇ ਵਧਦੇ ਖਰਚਿਆਂ, ਘਟਦੀ ਮੰਗ ਅਤੇ ਘਟਦੇ ਮੁਨਾਫ਼ੇ ਦੇ ਦਬਾਅ ਹੇਠ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਅੰਦਾਜ਼ੇ ਅਨੁਸਾਰ ਕੰਪਨੀ ਦੇ ਹੋਮ ਅਪਲਾਇੰਸ (ਘਰੇਲੂ ਸਾਮਾਨ) ਅਤੇ ਟੈਲੀਵਿਜ਼ਨ ਬਿਜ਼ਨਸ ਖੇਤਰ ਦੇ ਲਗਭਗ 80 ਤੋਂ 100 ਅਧਿਕਾਰੀਆਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ ਹੈ। ਨੌਕਰੀਆਂ ਤੋਂ ਕੱਢਣ ਦੀ ਇਹ ਪ੍ਰਕਿਰਿਆ ਵੱਖ-ਵੱਖ ਪੜਾਵਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ।
ਇਸ ਛਾਂਟੀ ਤੋਂ ਸੈਮਸੰਗ(Samsung) ਦੇ ਹੈੱਡਕੁਆਰਟਰ ’ਚ ਤਾਇਨਾਤ ਡਾਇਰੈਕਟਰ ਪੱਧਰ ਦੇ ਅਧਿਕਾਰੀ, ਟੀਮ ਲੀਡਰ, ਬਰਾਂਚ ਮੈਨੇਜਰ ਅਤੇ ਰੀਜਨਲ ਮੈਨੇਜਰ ਪ੍ਰਭਾਵਿਤ ਹੋਏ ਹਨ। ਕੰਪਨੀ ਦੇ ਸਮਾਰਟਫ਼ੋਨ ਵਿਕਰੀ ਵਿਭਾਗ ਨੂੰ ਛੱਡ ਕੇ, ਇਲੈਕਟ੍ਰੌਨਿਕਸ ਵਿਭਾਗ ਦੀ ਸੇਲਜ਼ ਅਤੇ ਮਾਰਕੀਟਿੰਗ ਟੀਮ ਵਿੱਚ ਲਗਭਗ 550 ਤੋਂ 600 ਪੇਸ਼ੇਵਰ ਕੰਮ ਕਰਦੇ ਹਨ। ਅਨੁਮਾਨਾਂ ਮੁਤਾਬਕ ਸੇਲਜ਼ ਅਤੇ ਮਾਰਕੀਟਿੰਗ ਸਟਾਫ਼ ਦੇ 25 ਫ਼ੀਸਦੀ ਤੱਕ ਮੁਲਾਜ਼ਮ ਇਸ ਛਾਂਟੀ ਦੀ ਲਪੇਟ ਵਿੱਚ ਆ ਸਕਦੇ ਹਨ, ਜਿਸ ਵਿੱਚ ਸਿੱਧੇ ਤੌਰ ’ਤੇ ਭਰਤੀ ਕੀਤੇ ਗਏ ਅਤੇ ਏਜੰਸੀਆਂ ਰਾਹੀਂ ਰੱਖੇ ਗਏ ਕੰਟਰੈਕਟ ਮੁਲਾਜ਼ਮ ਦੋਵੇਂ ਸ਼ਾਮਲ ਹਨ। ਕੰਪਨੀ ਵੱਲੋਂ ਹਟਾਏ ਜਾ ਰਹੇ ਮੁਲਾਜ਼ਮਾਂ ਨੂੰ 3 ਮਹੀਨਿਆਂ ਦੀ ਤਨਖਾਹ ਦੇ ਨਾਲ-ਨਾਲ ਹਰ ਸਾਲ ਦੀ ਸੇਵਾ ਬਦਲੇ 1 ਮਹੀਨੇ ਦੀ ਵਾਧੂ ਤਨਖਾਹ ਦਿੱਤੀ ਜਾ ਰਹੀ ਹੈ।
ਸੈਮਸੰਗ ਵੱਲੋਂ ਛਾਂਟੀ ਕਰਨ ਦੇ ਮੁੱਖ ਕਾਰਨ
ਭਾਰਤ ਵਿੱਚ ਸੈਮਸੰਗ ਦਾ ਕਾਰੋਬਾਰ ਕਈ ਪਾਸਿਆਂ ਤੋਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਮੈਮੋਰੀ ਚਿੱਪਾਂ ਦੀਆਂ ਕੀਮਤਾਂ ਦੁਗਣੀਆਂ ਤੋਂ ਵੀ ਵੱਧ ਹੋ ਗਈਆਂ ਹਨ। ਦੂਜੇ ਪਾਸੇ, ਸਮਾਰਟਫ਼ੋਨਾਂ ਦੀ ਵਿਕਰੀ ਵਿੱਚ ਖੜੋਤ ਆਈ ਹੈ ਅਤੇ ਰੁਪਏ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ ਹੈ। ਉਦਯੋਗਿਕ ਮਾਹਰਾਂ ਅਨੁਸਾਰ, ਇਨ੍ਹਾਂ ਕਾਰਨਾਂ ਕਰਕੇ ਕੰਪਨੀ ਦੇ ਖਰਚੇ ਵਧ ਗਏ ਹਨ ਅਤੇ ਮੁਨਾਫ਼ਾ ਕਾਫ਼ੀ ਘੱਟ ਗਿਆ ਹੈ।
ਭਾਰਤ ਵਿੱਚ ਸਮਾਰਟਫ਼ੋਨ ਦੀ ਮਾਰਕੀਟ ਦੀ ਰਫ਼ਤਾਰ ਵੀ ਧੀਮੀ ਪਈ ਹੈ। ਅੰਕੜਿਆਂ ਮੁਤਾਬਕ ਸਮਾਰਟਫ਼ੋਨਾਂ ਦੀ ਸਾਲਾਨਾ ਵਿਕਰੀ ਵਿੱਚ 11 ਤੋਂ 12 ਫ਼ੀਸਦੀ ਦੀ ਗਿਰਾਵਟ ਆਈ ਹੈ। ਇਹ ਇਸ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਸੈਮਸੰਗ (Samsung) ਦੀ ਭਾਰਤ ਵਿੱਚ ਕੁੱਲ ਕਮਾਈ ਦਾ ਲਗਭਗ ਤਿੰਨ-ਚੌਥਾਈ ਹਿੱਸਾ ਮੋਬਾਈਲ ਫ਼ੋਨਾਂ ਤੋਂ ਆਉਂਦਾ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਕੁਝ ਸਮਾਰਟਫ਼ੋਨ ਮਾਡਲਾਂ ਦੀਆਂ ਕੀਮਤਾਂ ਵਿੱਚ 5 ਤੋਂ 10 ਫ਼ੀਸਦੀ ਦਾ ਵਾਧਾ ਕੀਤਾ ਸੀ, ਜਿਸ ਨਾਲ ਮੰਗ ’ਤੇ ਹੋਰ ਮਾੜਾ ਅਸਰ ਪਿਆ ਹੈ। ‘ਆਲ ਇੰਡੀਆ ਮੋਬਾਈਲ ਰੀਟੇਲਰਜ਼ ਐਸੋਸੀਏਸ਼ਨ’ ਅਨੁਸਾਰ ਕੀਮਤਾਂ ਵਧਣ ਨਾਲ ਗਾਹਕਾਂ ਦੀ ਆਮਦ ਵਿੱਚ ਕਾਫ਼ੀ ਕਮੀ ਦੇਖੀ ਗਈ ਹੈ।
ਭਾਰਤ ਵਿੱਚ ਕਾਰੋਬਾਰੀ ਢਾਂਚੇ ਦਾ ਪੁਨਰਗਠਨ
ਛਾਂਟੀ ਦਾ ਇਹ ਫ਼ੈਸਲਾ ਭਾਰਤ ਵਿੱਚ ਸੈਮਸੰਗ ਦੇ ਕਾਰੋਬਾਰੀ ਢਾਂਚੇ ਨੂੰ ਸੁਚਾਰੂ ਬਣਾਉਣ ਦੀ ਵੱਡੀ ਯੋਜਨਾ ਦਾ ਹਿੱਸਾ ਹੈ। ਕੰਪਨੀ ਆਪਣੇ ਕੁਝ ਖੇਤਰੀ ਦਫ਼ਤਰਾਂ ਨੂੰ ਆਪਸ ਵਿੱਚ ਮਿਲਾ ਰਹੀ ਹੈ। ਉਦਾਹਰਨ ਲਈ, ਦਿੱਲੀ ਤੇ ਗੁਰੂਗ੍ਰਾਮ, ਅਤੇ ਰਾਂਚੀ ਤੇ ਪਟਨਾ ਦੇ ਦਫ਼ਤਰਾਂ ਨੂੰ ਇਕੱਠਾ ਕੀਤਾ ਜਾ ਰਹਾ ਹੈ। ਖਰਚੇ ਘਟਾਉਣ ਲਈ ਕੰਪਨੀ ਹੋਮ ਅਪਲਾਇੰਸ ਅਤੇ ਟੀਵੀ ਦੀਆਂ ਸੇਲਜ਼ ਟੀਮਾਂ ਨੂੰ ਵੀ ਆਪਸ ’ਚ ਮਿਲਾਉਣ ਦੀ ਯੋਜਨਾ ਬਣਾ ਰਹੀ ਹੈ।
ਅਮਰੀਕਾ ਵਿੱਚ ਵੀ ਕੀਤੀ ਗਈ ਸੀ ਛਾਂਟੀ
ਨੌਕਰੀਆਂ ਵਿੱਚ ਇਹ ਕਟੌਤੀ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਹੈ। ਇਸ ਤੋਂ ਪਹਿਲਾਂ ਸੈਮਸੰਗ ਨੇ ਅਮਰੀਕਾ ਵਿੱਚ ਵੀ ਆਪਣੇ ਕੰਜ਼ਿਊਮਰ ਇਲੈਕਟ੍ਰੌਨਿਕਸ, ਮੋਬਾਈਲ ਅਤੇ ਡਿਸਪਲੇਅ ਵਿਭਾਗਾਂ ਵਿੱਚੋਂ ਲਗਭਗ 700 ਨੌਕਰੀਆਂ ਖ਼ਤਮ ਕੀਤੀਆਂ ਸਨ। ਗਲੋਬਲ ਪੱਧਰ 'ਤੇ ਮੈਮੋਰੀ ਚਿੱਪਾਂ ਦੀ ਮਜ਼ਬੂਤ ਮੰਗ ਕਾਰਨ ਸੈਮਸੰਗ ਦੇ ਸੈਮੀਕੰਡਕਟਰ ਕਾਰੋਬਾਰ ਨੂੰ ਫ਼ਾਇਦਾ ਹੋਇਆ ਹੈ, ਪਰ ਮੋਬਾਈਲ ਅਤੇ ਕੰਜ਼ਿਊਮਰ ਇਲੈਕਟ੍ਰੌਨਿਕਸ ਵਿਭਾਗ ਲਈ ਹਾਲਾਤ ਚੁਣੌਤੀਪੂਰਨ ਬਣੇ ਹੋਏ ਹਨ।

