Saket Building Collapse Delhi: ਸਾਕੇਤ ਇਮਾਰਤ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਛੇ
ਦੱਖਣੀ ਦਿੱਲੀ ਵਿੱਚ ਸਾਕੇਤ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਵਪਾਰਕ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵਧ ਕੇ ਛੇ ਹੋ ਗਈ, ਜਦੋਂ ਕਿ ਕਈ ਹੋਰਾਂ ਨੂੰ ਮਲਬੇ ਵਿੱਚੋਂ ਕੱਢ ਕੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।...
ਦੱਖਣੀ ਦਿੱਲੀ ਵਿੱਚ ਸਾਕੇਤ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਵਪਾਰਕ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵਧ ਕੇ ਛੇ ਹੋ ਗਈ, ਜਦੋਂ ਕਿ ਕਈ ਹੋਰਾਂ ਨੂੰ ਮਲਬੇ ਵਿੱਚੋਂ ਕੱਢ ਕੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਅਤੇ ਮ੍ਰਿਤਕਾਂ ਵਿੱਚੋਂ ਕੁਝ ਫੌਰਨ ਮੈਡੀਕਲ ਗ੍ਰੈਜੂਏਟ ਐਗਜ਼ਾਮੀਨੇਸ਼ਨ (FMG ਪ੍ਰੀਖਿਆ) ਦੀ ਤਿਆਰੀ ਕਰ ਰਹੇ ਸਨ।
ਜਿੱਥੇ ਇਮਾਰਤ ਡਿੱਗੀ ਹੈ, ਸਾਕੇਤ ਦਾ ਉਹ ਇਲਾਕਾ ਵਿਦੇਸ਼ਾਂ ਵਿੱਚ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਕੋਚਿੰਗ ਸੈਂਟਰਾਂ ਦਾ ਇੱਕ ਮੁੱਖ ਕੇਂਦਰ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐੱਫ ਆਈ ਆਰ (FIR) ਦਰਜ ਕਰ ਲਈ ਗਈ ਹੈ ਅਤੇ ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਹ ਘਟਨਾ ਸ਼ਨਿੱਚਰਵਾਰ ਸ਼ਾਮ ਨੂੰ ਸੈਦੁਲਅਜਾਬ ਇਲਾਕੇ ਦੇ ਵੈਸਟਰਨ ਮਾਰਗ 'ਤੇ ਵਾਪਰੀ ਜਦੋਂ ਇੱਕ ਬਹੁ-ਮੰਜ਼ਿਲਾ ਇਮਾਰਤ ਅਚਾਨਕ ਢਹਿ-ਢੇਰੀ ਹੋ ਗਈ। ਇਸ ਇਮਾਰਤ ਵਿੱਚ ਇੱਕ ਕੋਚਿੰਗ ਇੰਸਟੀਚਿਊਟ, ਕੈਫੇ ਅਤੇ ਦਫ਼ਤਰ ਸਨ, ਜਦੋਂ ਕਿ ਇਮਾਰਤ ਡਿੱਗਣ ਵੇਲੇ ਇਸ ਦੀ ਉਪਰਲੀ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (DDMA) ਦੇ ਅਨੁਸਾਰ, ਸ਼ਨਿੱਚਰਵਾਰ ਸ਼ਾਮ 7.40 ਵਜੇ ਐਮਰਜੈਂਸੀ ਅਪਰੇਸ਼ਨ ਸੈਂਟਰ ਵਿੱਚ ਇਮਾਰਤ ਡਿੱਗਣ ਬਾਰੇ ਇੱਕ ਐਮਰਜੈਂਸੀ ਕਾਲ ਪ੍ਰਾਪਤ ਹੋਈ ਸੀ।
ਮੌਕੇ 'ਤੇ ਪਹੁੰਚ ਕੇ ਅਧਿਕਾਰੀਆਂ ਨੇ ਦੇਖਿਆ ਕਿ ਲਗਭਗ 300 ਤੋਂ 400 ਵਰਗ ਗਜ਼ ਵਿੱਚ ਫੈਲੀ ਇੱਕ ਪੰਜ ਤੋਂ ਸੱਤ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਢਹਿ ਚੁੱਕੀ ਸੀ। ਸਥਾਨਕ ਲੋਕਾਂ ਨੇ ਬਚਾਅ ਕਰਮਚਾਰੀਆਂ ਨੂੰ ਦੱਸਿਆ ਕਿ ਲਗਪਗ 10 ਤੋਂ 15 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।
ਦੱਖਣੀ ਦਿੱਲੀ ਦੀ ਡੀ ਸੀ ਪੀ ਅਨੰਤ ਮਿੱਤਲ ਨੇ ਪੀ ਟੀ ਆਈ (PTI) ਨੂੰ ਦੱਸਿਆ, "ਇਸ ਘਟਨਾ ਵਿੱਚ ਕੁੱਲ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਚਾਅ ਕਾਰਜ ਜਾਰੀ ਹੈ।"
ਮ੍ਰਿਤਕਾਂ ਦੀ ਪਛਾਣ ਰਵੀ (24), ਕਪਿਲ (28), ਨਲਿਨ ਰਾਏ (23), ਆਲੋਕ, ਪਾਰਵਤੀ (35) ਅਤੇ ਏਕਤਾ (24) ਵਜੋਂ ਹੋਈ ਹੈ।

