ਆਰਟ ਅਕੈਡਮੀ ਵੱਲੋਂ ਸਾਰਕ ਸਾਹਿਤ ਉਤਸਵ
ਇੱਥੇ ਅਜੀਤ ਕੌਰ ਦੀ ਅਗਵਾਈ ਹੇਠ ਚੱਲ ਰਹੀ ਅਕੈਡਮੀ ਆਫ਼ ਆਰਟ ਐਂਡ ਲਿਟਰੇਚਰ ਵੱਲੋਂ ਸਾਰਕ ਸਾਹਿਤ ਉਤਸਵ ਕਰਵਾਇਆ ਗਿਆ ਜਿਸ ਵਿੱਚ ਸਾਰਕ ਮੁਲਕਾਂ ਦੇ ਲੇਖਕਾਂ ਨੂੰ ਸਨਮਾਨਿਤ ਕਰਨ ਸਮੇਤ ਉੱਤਰੀ ਭਾਰਤ ਦੀਆਂ ਪ੍ਰਮੁੱਖ ਭਾਸ਼ਾਵਾਂ ਪੰਜਾਬੀ ਹਿੰਦੀ ਅਤੇ ਉਰਦੂ ਵਿੱਚ ਕਵੀ ਦਰਬਾਰ ਕਰਵਾਏ ਗਏ। ਉਤਸਵ ਦੌਰਾਨ ਵੱਖ-ਵੱਖ ਲੇਖਕਾਂ ਬੁੱਧੀਜੀਵੀਆਂ ਨੇ ਮੌਜੂਦਾ ਸਾਹਿਤਕ ਮਾਹੌਲ ਦੇ ਸੰਦਰਭ ਵਿੱਚ ਸਾਰਥਕ ਟਿੱਪਣੀਆਂ ਕੀਤੀਆਂ। ਅਜੀਤ ਕੌਰ ਨੇ ਅਕਾਦਮੀ ਅਤੇ ਸਾਹਿਤ ਬਾਰੇ ਬਾਤ ਪਾਈ। ਸਨਮਾਨਿਤ ਸ਼ਖ਼ਸੀਅਤਾਂ ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਮੁਖੀ ਮਾਧਵ ਕੌਸ਼ਿਕ ਤੇ ਪ੍ਰੋ. ਆਸ਼ੀਸ਼ ਨੰਦੀ, ਰਾਮਾ ਕ੍ਰਿਸ਼ਨਾ ਪੀਰੁਗੂ, ਪ੍ਰੋ. ਅਭੀ ਸੁਬੇਦੀ (ਭਾਰਤ) (ਨੇਪਾਲ), ਅਰੁਣਾਗਿਰੀ (ਸ੍ਰੀਲੰਕਾ), ਕਮਰੂਲ ਹਸਨ ਅਤੇ ਫਰੀਦੁਰ ਰਹਿਮਾਨ (ਬੰਗਲਾਦੇਸ਼), ਇਬਰਾਹੀਮ ਵਾਹਿਦ (ਮਾਲਦੀਪ), ਲਕਸ਼ਮੀ ਮਾਲੀ (ਨੇਪਾਲ) ਸ਼ਾਮਲ ਸਨ। ਪ੍ਰੋ. ਆਸ਼ੀਸ਼ ਨੰਦੀ ਨੇ ਕੁੰਜੀਵਤ ਭਾਸ਼ਣ ਦਿੱਤਾ। ਪੰਜਾਬੀ ਕਵੀ ਦਰਬਾਰ ਦੌਰਾਨ ਡਾ. ਰਾਵੇਲ ਸਿੰਘ ਅਤੇ ਡਾ. ਵਨੀਤਾ ਨੇ ਦੋ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ। ਡਾ. ਰਾਵੇਲ ਸਿੰਘ ਨੇ ਕਿਹਾ ਕਿ ਪੰਜਾਬੀ ਕਵਿਤਾ ਬੇਹੱਦ ਅਮੀਰ ਹੈ ਅਤੇ ਬਾਬਾ ਫ਼ਰੀਦ, ਬੁੱਲੇ ਸ਼ਾਹ, ਸ਼ਾਹ ਮੁਹੰਮਦ, ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਸ਼ਿਵ ਕੁਮਾਰ ਤੋਂ ਹੁੰਦੀ ਹੋਈ ਮੌਜੂਦਾ ਦੌਰ ਦੇ 15 ਸਾਲ ਦੇ ਕਵੀ ਸੁਰਖ਼ਾਬ ਤੱਕ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਉਰਦੂ ਗ਼ਜ਼ਲ, ਕਵਿਤਾ ਅਜੇ ਵੀ ਜ਼ੁਲਫ਼ਾਂ ਅਤੇ ਨੈਣਾਂ ਦੁਆਲੇ ਘੁੰਮਦੀ ਹੈ ਜਦੋਂ ਕਿ ਪੰਜਾਬੀ ਕਵਿਤਾ ਉੱਤਰ ਸਰੋਕਾਰਾਂ ਨਾਲ ਸਬੰਧਤ ਬਿਰਤਾਂਤ ਸਿਰਜਦੀ ਹੈ। ਡਾ. ਵਨੀਤਾ ਨੇ ਕਿਹਾ ਕਿ ਪੰਜਾਬੀ ਕਵਿਤਾ ਵਿਸ਼ਵ ਦਾ ਵਰ ਮੇਚ ਰਹੀ ਹੈ ਅਤੇ ਸੁੰਦਰ ਕਵਿਤਾ ਰਚੀ ਜਾ ਰਹੀ ਹੈ। ਪ੍ਰੋ. ਰਾਵੇਲ ਸਿੰਘ, ਡਾ. ਵਨੀਤਾ, ਗਗਨਦੀਪ ਸ਼ਰਮਾ, ਕੁਲਵੀਰ ਗੋਜਰਾ, ਸਿਮਰਨ ਅਕਸ ਸਮੇਤ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਉਤਸਵ ਦੌਰਾਨ ਸਾਰਕ ਦੇਸ਼ਾਂ ਦੇ ਲੇਖਕਾਂ, ਕਵੀਆਂ, ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਭੁਗੋਲਿਕ ਸਾਹਿਤ ਅਤੇ ਸਥਿਤੀ ਬਾਰੇ ਚਰਚਾ ਕੀਤੀ।
