ਨਵੀਂ ਦਿੱਲੀ, 18 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਵਿੱਚ ਭਾਰੀ ਮੀਂਹ ਮਗਰੋਂ ਅੱਜ ਕਈ ਥਾਵਾਂ ’ਤੇ ਪਾਣੀ ਭਰਨ ਕਾਰਨ ਟਰੈਫਿਗ ਜਾਮ ਲੱਗ ਗਿਆ। ਇਥੇ ਮੌਸਮ ਵਿਭਾਗ ਨੇ ਘੱਟ ਤੋਂ ਘੱਟ 20.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ। ਮੌਸਮ ਵਿਗਿਆਨ ਵਿਭਾਗ ਮੁਤਾਬਿਕ ਐਤਵਾਰ ਨੂੰ ਸਵੇਰੇ ਅੱਠ ਵਜੇ ਤੋਂ ਲੈ ਕੇ ਸੋਮਵਾਰ ਸਵੇਰ ਅੱਠ ਵਜੇ ਤੱਕ 87.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਟਰੈਫਿਕ ਪੁਲੀਸ ਨੇ ਟਵੀਟ ਕਰਕੇ ਦੱਸਿਆ ਕਿ ਪਾਣੀ ਭਰਨ ਕਾਰਨ ਪੁਲ ਪ੍ਰਹਿਲਾਦਪੁਰ ਅੰਡਰਪਾਸ, ਮਹਿਰੌਲੀ ਮਥੁਰਾ ਰੋਡ ਅੰਡਰਪਾਸ, ਸਰਿਤਾ ਵਿਹਾਰ ਫਲਾਈਓਵਰ ਜਾਂ ਮੋਦੀ ਮਿੱਲ ਫਲਾਈਓਵਰ ਵੱਲ ਜਾਣ ਵਾਲੇ ਵਾਹਨ ਚਾਲਕ ਹੋਰ ਰੂਟ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਬਦਰਪੁਰ ਲਈ ਵੀ ਹੋਰ ਰਾਹ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਿਕ ਦਿੱਲੀ ਵਿੱਚ ਸਵੇਰੇ ਸਾਢੇ ਨੌਂ ਵਜੇ ਹਵਾ ਗੁਣਵੱਤਾ ਏਕਿਊਆਈ 325 ਰਿਹਾ। ਇਸ ਦੇ ਨਾਲ ਹੀ ਗੁਰੂਗ੍ਰਾਮ ਤੇ ਨੋਇਡਾ ਵਿੱਚ ਏਕਿਊਆਈ 343 ਤੇ 302 ਰਿਹਾ। ਜ਼ਿਕਰਯੋਗ ਹੈ ਕਿ ਏਕਿਊਆਈ ਦਾ ਸਿਫ਼ਰ ਤੇ 50 ਵਿੱਚ ‘ਚੰਗਾ’, 101 ਤੋਂ 200 ਵਿਚਾਲੇ ‘ਮਾਧਿਅਮ‘, 201 ਤੋਂ 300 ਵਿਚਕਾਰ ‘ਖਰਾਬ’, 301 ਤੋਂ 400 ਵਿਚ ‘ਬਹੁਤ ਖਰਾਬ’ ਅਤੇ 401 ਤੋਂ 500 ਵਿਚਾਲੇ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤਾ ਜਾਂਦਾ ਹੈ। ਵਿਭਾਗ ਮੁਤਾਬਿਕ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਨੇ ਨੇੜੇ ਤੇੜੇ ਰਹਿਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਅੱਜ ਹਵਾ ਵਿੱਚ ਨਮੀ ਦਾ ਪੱਧਰ 100 ਫੀਸਦ ਰਹੀ। ਇਸ ਤੋਂ ਇਲਾਵਾ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 23.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। -ਪੀਟੀਆਈ