Retail Inflation Rise: ਮਹਿੰਗਾਈ ਦਰ ਵਿੱਚ ਲਗਾਤਾਰ ਛੇਵੇਂ ਮਹੀਨੇ ਵਾਧਾ
ਰਿਟੇਲ ਮਹਿੰਗਾਈ ਦਰ ਵਧ ਕੇ 4.38 ਫ਼ੀਸਦੀ ’ਤੇ ਪੁੱਜੀ
ਦੇਸ਼ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਮੁੜ ਵਧਣ ਕਾਰਨ ਰਿਟੇਲ ਮਹਿੰਗਾਈ ਲਗਾਤਾਰ ਛੇਵੇਂ ਮਹੀਨੇ ਵਧ ਗਈ ਹੈ। ਇਸ ਸਾਲ ਜੂਨ ਵਿੱਚ ਇਹ ਮਹਿੰਗਾਈ ਦਰ 1.64 ਫ਼ੀਸਦੀ ਵਧ ਕੇ 4.38 ਫ਼ੀਸਦੀ ’ਤੇ ਪਹੁੰਚ ਗਈ ਹੈ। ਇਸ ਸਾਲ ਜਨਵਰੀ ਤੋਂ ਹੀ ਰਿਟੇਲ ਮਹਿੰਗਾਈ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ, ਜਦੋਂ ਕਿ ਉਸ ਸਮੇਂ ਇਹ 2.74 ਫ਼ੀਸਦੀ ਸੀ। ਇਸ ਦੇ ਨਾਲ ਹੀ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ (ਫੂਡ ਇਨਫਲੇਸ਼ਨ) ਵੀ ਜੂਨ ਵਿੱਚ ਵਧ ਕੇ 5.32 ਫ਼ੀਸਦੀ 'ਤੇ ਪਹੁੰਚ ਗਈ ਹੈ, ਜੋ ਕਿ ਮਈ ਵਿੱਚ 4.38 ਫ਼ੀਸਦੀ ਸੀ।
ਜਨਵਰੀ 2025 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮਹਿੰਗਾਈ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 4 ਫ਼ੀਸਦੀ ਦੇ ਮੱਧ-ਬਿੰਦੂ ਟੀਚੇ ਨੂੰ ਪਾਰ ਕਰ ਗਈ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਨੇ ਅੱਜ 13 ਜੁਲਾਈ ਨੂੰ ਇਹ ਅੰਕੜੇ ਜਾਰੀ ਕੀਤੇ ਹਨ। ਇੱਕ ਪਾਸੇ ਜਿੱਥੇ ਆਲੂ-ਅਦਰਕ ਮਹਿੰਗੇ ਹੋਏ ਹਨ, ਉੱਥੇ ਹੀ ਸੋਨੇ-ਚਾਂਦੀ ਦੇ ਗਹਿਣੇ ਸਸਤੇ ਹੋਏ ਹਨ।
ਮਹਿੰਗਾਈ ਵਧਣ ਕਾਰਨ ਵਿਆਜ ਦਰਾਂ ਵਿੱਚ ਵਾਧੇ ਦਾ ਖ਼ਦਸ਼ਾ ਅਤੇ ਆਰਥਿਕ ਅਸਰ
ਭਾਵੇਂ ਮੌਜੂਦਾ ਮਹਿੰਗਾਈ ਹਾਲੇ ਵੀ ਰਿਜ਼ਰਵ ਬੈਂਕ ਦੇ 2 ਫ਼ੀਸਦੀ ਤੋਂ 6 ਫ਼ੀਸਦੀ ਦੇ ਤੈਅ ਦਾਇਰੇ ਦੇ ਅੰਦਰ ਹੈ ਪਰ ਕੀਮਤਾਂ ਵਿੱਚ ਅੱਗੇ ਹੋਰ ਵਾਧਾ ਕੇਂਦਰੀ ਬੈਂਕ ਨੂੰ ਵਿਆਜ ਦਰਾਂ ਵਧਾਉਣ ਲਈ ਮਜਬੂਰ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਆਉਣ ਵਾਲੀਆਂ ਤਿਮਾਹੀਆਂ ਵਿੱਚ ਦੇਸ਼ ਦੀ ਆਰਥਿਕ ਤਰੱਕੀ ਦੀ ਰਫ਼ਤਾਰ 'ਤੇ ਅਸਰ ਪੈ ਸਕਦਾ ਹੈ। ਜੂਨ ਵਿੱਚ ਹੀ ਰਿਜ਼ਰਵ ਬੈਂਕ ਨੇ ਅਲ ਨੀਨੋ ਕਾਰਨ ਘੱਟ ਮੌਨਸੂਨ ਦੇ ਖ਼ਦਸ਼ੇ ਅਤੇ ਊਰਜਾ (ਐਨਰਜੀ) ਦੀਆਂ ਵਧਦੀਆਂ ਕੀਮਤਾਂ ਦੇ ਦੋਹਰੇ ਖ਼ਤਰੇ ਨੂੰ ਦੇਖਦੇ ਹੋਏ ਆਪਣੀ ਮਹਿੰਗਾਈ ਦੇ ਅਨੁਮਾਨ ਨੂੰ 4.6 ਫ਼ੀਸਦੀ ਤੋਂ ਵਧਾ ਕੇ 5.1 ਫ਼ੀਸਦੀ ਕਰ ਦਿੱਤਾ ਸੀ।
ਨਵੇਂ ਇੰਡੈਕਸ ਕਾਰਨ ਪਿਛਲੇ ਸਾਲ ਨਾਲ ਤੁਲਨਾ ਸੰਭਵ ਨਹੀਂ
ਮਹਿੰਗਾਈ ਦੇ ਇਨ੍ਹਾਂ ਅੰਕੜਿਆਂ ਦੀ ਤੁਲਨਾ ਪਿਛਲੇ ਸਾਲ ਦੇ ਇਸੇ ਸਮੇਂ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸੇ ਸਾਲ ਜਨਵਰੀ ਵਿੱਚ ਇਸ ਇੰਡੈਕਸ ਨੂੰ ਦੁਬਾਰਾ ਸੈੱਟ ਕੀਤਾ ਗਿਆ ਸੀ। ਸਾਲ 2024 ਨੂੰ ਆਧਾਰ ਸਾਲ (ਬੇਸ ਈਅਰ) ਬਣਾ ਕੇ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਜਨਵਰੀ ਦੌਰਾਨ ਸੋਧੀ ਹੋਈ ਰਿਟੇਲ ਮਹਿੰਗਾਈ 2.74 ਫ਼ੀਸਦੀ ਦਰਜ ਹੋਈ ਸੀ। ਇਸ ਤੋਂ ਬਾਅਦ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ, ਜਿੱਥੇ ਫਰਵਰੀ ਵਿੱਚ ਇਹ 3.21 ਫ਼ੀਸਦੀ, ਮਾਰਚ ਵਿੱਚ 3.4 ਫ਼ੀਸਦੀ, ਅਪਰੈਲ ਵਿੱਚ 3.48 ਫ਼ੀਸਦੀ ਅਤੇ ਮਈ ਵਿੱਚ 3.93 ਫ਼ੀਸਦੀ ਦਰਜ ਕੀਤੀ ਗਈ ਸੀ। ਜਦੋਂ ਕਿ ਪੁਰਾਣੀ ਸੀਪੀਆਈ ਸੀਰੀਜ਼ ਜਿਸ ਦਾ ਆਧਾਰ ਸਾਲ 2012 ਸੀ, ਦੇ ਤਹਿਤ ਮਹਿੰਗਾਈ ਦਰ ਦਸੰਬਰ ਵਿੱਚ 1.33 ਫ਼ੀਸਦੀ ਅਤੇ ਨਵੰਬਰ ਵਿੱਚ 0.71 ਫ਼ੀਸਦੀ ਰਹੀ ਸੀ।

