Republic Day Alert: ਇੰਟੈਲ ਵੱਲੋਂ ਬੰਗਲਾਦੇਸ਼ੀ, ਖਾਲਿਸਤਾਨੀ ਸੰਗਠਨਾਂ ਤੋਂ ਅਤਿਵਾਦੀ ਖ਼ਤਰੇ ਨੂੰ ਲੈ ਕੇ ਅਲਰਟ
ਗਣਤੰਤਰ ਦਿਵਸ ਤੋਂ ਪਹਿਲਾਂ ਪੁਲੀਸ ਨੇ ਲਾਲ ਕਿਲ੍ਹੇ ਸਮੇਤ ਕਈ ਥਾਵਾਂ ’ਤੇ ਕੀਤੀ ਮੌਕ ਡਰਿੱਲ
Republic Day Alert: ਗਣਤੰਤਰ ਦਿਵਸ ਸਮਾਰੋਹਾਂ ਤੋਂ ਪਹਿਲਾਂ ਖ਼ੁਫ਼ੀਆ ਏਜੰਸੀਆਂ ਨੇ ਇੱਕ ਵੱਡਾ ਅਲਰਟ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਖਾਲਿਸਤਾਨੀ ਅਤੇ ਬੰਗਲਾਦੇਸ਼ ਸਥਿਤ ਅਤਿਵਾਦੀ ਸੰਗਠਨ ਕੌਮੀਂ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਖ਼ੁਫ਼ੀਆ ਸੂਤਰਾਂ ਅਨੁਸਾਰ, ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਅਤੇ ਕੱਟੜਪੰਥੀ ਆਕਾ ਹੁਣ ਪੰਜਾਬ ਦੇ ਗੈਂਗਸਟਰਾਂ ਦੀ ਵਰਤੋਂ ਕਰ ਰਹੇ ਹਨ। ਇਹ ਗੈਂਗਸਟਰ ਹਰਿਆਣਾ, ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਸਰਗਰਮ ਹਨ ਅਤੇ ਅੰਦਰੂਨੀ ਸੁਰੱਖਿਆ ਨੂੰ ਭੰਗ ਕਰਨ ਲਈ ਅਤਿਵਾਦੀ ਤੱਤਾਂ ਨਾਲ ਹੱਥ ਮਿਲਾ ਰਹੇ ਹਨ।
ਸੁਰੱਖਿਆ ਚੁਣੌਤੀਆਂ ਨੂੰ ਦੇਖਦੇ ਹੋਏ, ਉੱਤਰੀ ਜ਼ਿਲ੍ਹਾ ਪੁਲੀਸ ਨੇ ਦਿੱਲੀ ਦੇ ਭੀੜ-ਭੜੱਕੇ ਵਾਲੇ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਮੌਕ ਡਰਿੱਲ (ਨਕਲੀ ਅਭਿਆਸ) ਦੀ ਲੜੀ ਸ਼ੁਰੂ ਕੀਤੀ ਹੈ।
ਜਨਵਰੀ 2026 ਦੇ ਪਹਿਲੇ ਪੰਦਰਵਾੜੇ ਦੌਰਾਨ ਲਾਲ ਕਿਲ੍ਹਾ, ISBT ਕਸ਼ਮੀਰੀ ਗੇਟ, ਚਾਂਦਨੀ ਚੌਕ, ਖਾਰੀ ਬੋਲੀ ਅਤੇ ਸਦਰ ਬਾਜ਼ਾਰ ਵਰਗੇ ਅਹਿਮ ਥਾਵਾਂ ’ਤੇ ਚਾਰ ਵੱਡੇ ਅਭਿਆਸ ਕੀਤੇ ਗਏ।
ਇਨ੍ਹਾਂ ਅਭਿਆਸਾਂ ਦਾ ਮਕਸਦ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਰਤ ਵਿੱਚ ਵੱਖ-ਵੱਖ ਸੁਰੱਖਿਆ ਏਜੰਸੀਆਂ ਦੀ ਤਿਆਰੀ ਅਤੇ ਜਵਾਬੀ ਕਾਰਵਾਈ ਦੇ ਸਮੇਂ ਦੀ ਜਾਂਚ ਕਰਨਾ ਸੀ, ਤਾਂ ਜੋ 26 ਜਨਵਰੀ ਦੀ ਪਰੇਡ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

