ਜਬਰ-ਜਨਾਹ ਮਾਮਲਾ: ਪੀੜਤ ਬੱਚੀ ਨੂੰ ਮਿਲੇ ਕੇਜਰੀਵਾਲ

ਜਬਰ-ਜਨਾਹ ਮਾਮਲਾ: ਪੀੜਤ ਬੱਚੀ ਨੂੰ ਮਿਲੇ ਕੇਜਰੀਵਾਲ

ਏਮਜ਼ ਹਸਪਤਾਲ ਵਿੱਚ ਜਾਂਦੇ ਹੋਏ ਮੁੱਖ ਮੰਤਰੀ ਕੇਜਰੀਵਾਲ।

ਮਨਧੀਰ ਸਿੰਘ ਦਿਓਲ  
ਨਵੀਂ ਦਿੱਲੀ, 6 ਅਗਸਤ  

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 13 ਸਾਲਾ ਮਾਸੂਮ ਜਿਨਸੀ ਸ਼ੋਸ਼ਣ ਪੀੜਤ ਨੂੰ ਮਿਲਣ ਲਈ ਏਮਜ਼ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਡਾਕਟਰਾਂ ਦੀ ਟੀਮ ਨੂੰ ਲੜਕੀ ਦੀ ਹਾਲਤ ਬਾਰੇ ਪੁੱਛਿਆ ਅਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੰਦਿਆਂ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਬੇਕਸੂਰ ਦੀ ਹਾਲਤ ਬਹੁਤ ਗੰਭੀਰ ਹੈ। ਆਉਣ ਵਾਲੇ 48 ਘੰਟੇ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਪੁਲੀਸ ਕਮਿਸ਼ਨਰ ਨਾਲ ਗੱਲ ਕੀਤੀ ਹੈ। ਪੁਲੀਸ ਮੁਲਜ਼ਮਾਂ ਨੂੰ ਫੜਨ ਲਈ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਦਿੱਲੀ ਸਰਕਾਰ ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਸਭ ਤੋਂ ਵੱਡਾ ਵਕੀਲ ਖੜ੍ਹਾ ਕਰੇਗੀ। ਦੂਜੇ ਪਾਸੇ ਕਾਂਗਰਸ ਵਰਕਰਾਂ ਨੇ ਦਿੱਲੀ ਵਿੱਚ ਵੱਧ ਰਹੇ ਅਪਰਾਧ ਕਾਰਨ ਕੇਜਰੀਵਾਲ ਨੂੰ ਏਮਜ਼ ਦੇ ਬਾਹਰ ਘੇਰ ਲਿਆ। ਉਧਰ ਭਾਜਪਾ ਨੇਤਾ ਤੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਟਵੀਟ ਕਰਕੇ 13 ਸਾਲ ਦੀ ਪੀੜਤ ਬੇਰਹਿਮੀ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਉਸ ਨੇ ਕਿਹਾ ਹੈ ਕਿ 12 ਸਾਲ ਦੀ ਲੜਕੀ ਨਾਲ ਬੇਰਹਿਮੀ ਮਚਾਉਣ ਵਾਲਿਆਂ ਲਈ ਮੌਤ ਦੀ ਸਜ਼ਾ ਤੋਂ ਘੱਟ ਕੋਈ ਨਹੀਂ ਹੈ। ਉਸ ਨੇ ਪੀੜਤ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਪੀੜਤ ਲੜਕੀ ਨੂੰ ਵੀ ਜਲਦੀ ਇਨਸਾਫ ਦਿਵਾਉਣ ਦੀ ਬੇਨਤੀ ਕੀਤੀ। ਜ਼ਿਕਰਯੋਗ ਹੈ ਕਿ ਪੱਛਮੀ ਵਿਹਾਰ ਪੱਛਮ ਦੇ ਪੀਰਾਗਾਧੀ ਖੇਤਰ ਵਿੱਚ ਇੱਕ 13 ਸਾਲਾ ਮਾਸੂਮ ਨਾਲ ਜਿਨਸੀ ਸ਼ੋਸ਼ਣ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਕਮਰੇ ਵਿਚ ਇਕੱਲੀ ਸੀ। ਇਹ ਸ਼ੱਕ ਹੈ ਕਿ ਨਿਰਭਯਾ ਵਰਗੀ ਵਾਰਦਾਤ ਉਸ ਨਾਲ ਕੀਤੀ ਗਈ। ਲੜਕੀ ਲਹੂ ਨਾਲ ਲੱਥਪੱਥ ਮਿਲੀ। ਉਹ ਕਾਫ਼ੀ ਸਮੇਂ ਤੋਂ ਕਮਰੇ ਵਿਚ ਰੌਂਦੀ ਰਹੀ ਤੇ ਉਸ ਤੋਂ ਬਾਅਦ ਕਮਰੇ ਤੋਂ ਬਾਹਰ ਆ ਕੇ ਗੁਆਂਢੀ ਦਾ ਦਰਵਾਜ਼ਾ ਖੜਕਾਇਆ। ਲੜਕੀ ਦੀ ਹਾਲਤ ਵੇਖ ਕੇ ਗੁਆਂਢੀ ਵੀ ਡਰ ਗਏ। ਉਨ੍ਹਾਂ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।

ਕਾਂਗਰਸ ਦੇ ਵਫ਼ਦ ਵੱਲੋ ਉਪ ਰਾਜਪਾਲ ਨੂੰ ਮੰਗ ਪੱਤਰ

ਕੇਜਰੀਵਾਲ ਦਾ ਵਿਰੋਧ ਕਰਦੇ ਹੋਏ ਕਾਂਗਰਸੀ ਵਰਕਰ। -ਫੋਟੋਆਂ: ਪੀਟੀਆਈ

ਨਵੀਂ ਦਿੱਲੀ: ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਅੱਜ ਕਾਂਗਰਸ ਦੇ ਵਫ਼ਦ ਨਾਲ ਉਪ ਰਾਜਪਾਲ ਅਨਿਲ ਬੈਜਲ ਨੂੰ ਮੰਗ ਪੱਤਰ ਸੌਂਪਣ ਲਈ  ਰਾਜ ਨਿਵਾਸ ਪਹੁੰਚੇ ਜੋ ਦਿੱਲੀ ਵਿੱਚ ਵਿਗੜ ਰਹੇ ਕਾਨੂੰਨ ਵਿਵਸਥਾ ਵੱਲ ਧਿਆਨ ਖਿੱਚਣ ਲਈ ਸੀ। ਪ੍ਰਧਾਨ ਨੇ ਕਿਹਾ ਕਿ ਇਕ ਮਹੀਨੇ ਵਿਚ ਦੂਜੀ ਵਾਰ ਵਿਸ਼ੇਸ਼ ਤੌਰ ‘ਤੇ ਔਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਕੇਸ ਸਾਹਮਣੇ ਆਏ ਹਨ। ਇੱਕ 13 ਸਾਲ ਦੀ ਨਾਬਾਲਗ ਲੜਕੀ ‘ਛੋਟੀ ਨਿਰਭੈ’ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਧਿਆਨ ਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਛਤਰਪੁਰ ਮੰਦਰ ਕੰਪਲੈਕਸ ਦੇ ਕੋਵਿਡ ਸੈਂਟਰ ਵਿੱਚ ਨਾਬਾਲਗ ਲੜਕੀ ਦਾ ਜਿਨਸੀ  ਸ਼ੋਸ਼ਣ ਕੀਤਾ ਗਿਆ ਸੀ ਪਰ ਦਿੱਲੀ ਦੀ ਅਰਵਿੰਦ ਸਰਕਾਰ ਇਸ ਅਪਰਾਧ ਤੋਂ ਅਣਜਾਣ ਸੀ। ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਬਹੁਤ ਜ਼ਿਆਦਾ ਪ੍ਰਚਾਰਤ ਸੀਸੀਟੀਵੀ ਕੈਮਰਾ ਸਕੀਮ ਦਾ ਕੀ ਹੋਇਆ ਜੋ ਔਰਤਾਂ ਵਿਰੁੱਧ ਜੁਰਮਾਂ ਨੂੰ ਰੋਕਣ ਲਈ ਸੀ। ਵਫ਼ਦ ਵਿੱਚ ਸੂਬਾ ਮੀਤ ਪ੍ਰਧਾਨ ਜੈ ਕਿਸ਼ਨ ਅਤੇ ਅਲੀ ਮਹਿੰਦੀ, ਦਿੱਲੀ ਨਗਰ ਨਿਗਮ ਵਿੱਚ ਕਾਂਗਰਸ ਪਾਰਟੀ ਦੇ ਆਗੂ ਮੁਕੇਸ਼ ਗੋਇਲ, ਰਿੰਕੂ, ਡਾ ਨਰਿੰਦਰ ਨਾਥ, ਪਰਵੇਜ਼ ਆਲਮ ਤੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਉਸਮਾਨ ਸ਼ਾਮਲ ਸਨ। ਅਨਿਲ ਕੁਮਾਰ ਨੇ ਏਮਜ਼ ਹਸਪਤਾਲ ਦਾ ਦੌਰਾ ਕਰਦਿਆਂ ਜਿਨਸੀ ਸ਼ੋਸ਼ਣ ਵਾਲੀ ਲੜਕੀ ਦੀ ਸਥਿਤੀ ਬਾਰੇ ਵੀ ਪੁੱਛਗਿੱਛ ਕੀਤੀ ਅਤੇ ਲੜਕੀ ਦੇ ਗਰੀਬ ਮਜ਼ਦੂਰ ਮਾਪਿਆਂ ਨਾਲ ਵਾਅਦਾ ਕੀਤਾ ਕਿ ਦਿੱਲੀ ਕਾਂਗਰਸ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਲੜਕੀ ਦੇ ਮਾਪਿਆਂ ਦੀ ਹਾਲਤ ਖ਼ਰਾਬ ਹੈ ਉਨ੍ਹਾਂ ਨੇ ਤਿੰਨ ਦਿਨਾਂ ਤੋਂ ਇਸ਼ਨਾਨ ਨਹੀਂ ਕੀਤਾ ਤੇ ਕੱਪੜੇ ਨਹੀਂ ਬਦਲੇ, ਉਹ ਆਈਸੀਯੂ ਦੇ ਬਾਹਰ ਬੈਠੇ ਹਨ ਜਿਥੇ ‘ਨੰਨ੍ਹੀ ਨਿਰਭਯਾ’ ਦਾਖਲ ਹੈ।

ਕਾਂਗਰਸੀ ਵਰਕਰਾਂ ਵੱਲੋੋੋਂ ਕੇਜਰੀਵਾਲ ਦਾ ਘਿਰਾਓ

ਦਿੱਲੀ: ਜਿਵੇਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੜਕੀ ਨੂੰ ਮਿਲਣ ਲਈ ਏਮਜ਼ ਪਹੁੰਚੇ, ਤਾਂ ਕਾਂਗਰਸ ਵਰਕਰਾਂ ਨੇ ਕੇਜਰੀਵਾਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਕਾਂਗਰਸ ਪਾਰਟੀ ਵਰਕਰਾਂ ਨੇ ਦਿੱਲੀ ਵਿੱਚ ਵੱਧ ਰਹੇ ਔਰਤ ਤੇ ਬਾਲ ਅਪਰਾਧ ਨੂੰ ਲੈ ਕੇ ਦਿੱਲੀ ਸਰਕਾਰ ਦਾ ਵਿਰੋਧ ਕੀਤਾ। ਵਿਰੋਧ ਪ੍ਰਦਰਸ਼ਨ ਦੇ ਦੌਰਾਨ ਕੇਜਰੀਵਾਲ ਏਮਜ਼ ਕੈਂਪਸ ਦੇ ਅੰਦਰ ਦਾਖਲ ਹੋਏ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਮੁਲਜ਼ਮਾਂ ਨੂੰ ਕਾਬੂ ਕਰਕੇ ਮੌਤ ਦੀ ਸਜ਼ਾ ਸੁਣਾਈ ਜਾਵੇ: ਚੇਅਰਪਰਸਨ

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਪੱਛਮੀ ਦਿੱਲੀ ਵਿੱਚ ਇੱਕ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਮੁਲਜ਼ਮ ਦੀ ਗ੍ਰਿਫਤਾਰੀ ਵਿੱਚ ਕਥਿਤ ਦੇਰੀ ਬਾਰੇ ਪੁਲਿਸ ਤੋਂ ਪੁੱਛਗਿੱਛ ਕੀਤੀ। ਪੁਲੀਸ ਨੇ ਕਿਹਾ ਸੀ ਕਿ ਮੰਗਲਵਾਰ ਸ਼ਾਮ ਨੂੰ 13 ਸਾਲਾ ਲੜਕੀ ਉੱਤੇ ਵਿਹਾਰ ਖੇਤਰ ਵਿੱਚ ਉਸ ਦੇ ਘਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਮਾਲੀਵਾਲ ਲੜਕੀ ਨੂੰ ਏਮਜ਼ ਵਿੱਚ ਮਿਲੀ। ਉਸ ਨੇ ਕਿਹਾ ਕਿ ਲੜਕੀ ਦੀ ਹਾਲਤ ਬਹੁਤ ਨਾਜ਼ੁਕ ਹੈ ਤੇ ਡਾਕਟਰ ਕਹਿ ਰਹੇ ਸਨ ਕਿ ਉਸ ਨੂੰ ਪੱਕਾ ਯਕੀਨ ਨਹੀਂ ਹੈ ਕਿ ਕੀ ਉਹ ਬਚ ਸਕੇਗੀ। ਮਾਲੀਵਾਲ ਨੇ ਕਿਹਾ ਕਿ ਲੜਕੀ ਨੂੰ ਇਸ ਹੱਦ ਤਕ ਬੇਰਹਿਮੀ ਨਾਲ ਚਾਕੂ ਮਾਰੇ ਗਏ ਕਿ ਉਸ ਦੇ ਸਰੀਰ ਦੇ ਹਰ ਅੰਗ ’ਤੇ ਜ਼ਖ਼ਮਾਂ ਦੇ ਨਿਸ਼ਾਨ ਹਨ। ਮਾਲੀਵਾਲ ਨੇ ਕਿਹਾ ਕਿ ਦੋ ਦਿਨ ਹੋ ਗਏ ਹਨ ਤੇ ਪੁਲੀਸ ਨੇ ਅਜੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਪੁਲੀਸ ਨੂੰ ਸਵਾਲ ਕਰਦਿਆਂ ਕਿ ਕੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਹੈ। ਹੁਣ ਤੱਕ ਕਿੰਨੇ ਬਿਆਨ ਦਰਜ ਕੀਤੇ ਗਏ ਹਨ। ਇਹ ਕਿਵੇਂ ਸੰਭਵ ਹੈ ਕਿ ਮੁਲਜ਼ਮ ਅਜੇ ਵੀ ਗ੍ਰਿਫ਼ਤਾਰ ਨਹੀਂ ਹੋਏ। ਮਾਲੀਵਾਲ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮੌਤ ਦੀ ਸਜ਼ਾ ਸੁਣਾਈ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All