ਰਾਮਗੜ੍ਹੀਆ ਫੈਡਰੇਸ਼ਨ ਦਾ ਵਫ਼ਦ ਕਾਲਕਾ ਨੂੰ ਮਿਲਿਆ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨਾਲ ਅੱਜ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਰਿਆਤ ਦੀ ਅਗਵਾਈ ਵਿੱਚ ਵਫ਼ਦ ਨੇ ਮੁਲਾਕਾਤ ਕੀਤੀ। ਇਸ ਦੌਰਾਨ ਕਾਲਕਾ ਨੇ ਭਰੋਸਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨਾਲ ਅੱਜ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਰਿਆਤ ਦੀ ਅਗਵਾਈ ਵਿੱਚ ਵਫ਼ਦ ਨੇ ਮੁਲਾਕਾਤ ਕੀਤੀ। ਇਸ ਦੌਰਾਨ ਕਾਲਕਾ ਨੇ ਭਰੋਸਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੇ ਕਿਰਤੀ ਸਿੱਖ ਭਾਈ ਲਾਲੋ ਦਾ ਜਨਮ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਵਫ਼ਦ ਵਿੱਚ ਮਹਿੰਦਰ ਸਿੰਘ ਭੁੱਲਰ ਅਤੇ ਹੋਰ ਆਗੂ ਹਾਜ਼ਰ ਸਨ। ਕਾਲਕਾ ਨੇ ਕਿਹਾ ਕਿ ਭਾਈ ਲਾਲੋ ਸੱਚੀ ਕਿਰਤ, ਇਮਾਨਦਾਰੀ, ਨਿਮਰਤਾ ਅਤੇ ਸੇਵਾ ਭਾਵਨਾ ਦੇ ਜੀਵੰਤ ਪ੍ਰਤੀਕ ਹਨ। ਉਨ੍ਹਾਂ ਦਾ ਜੀਵਨ ਸਮਾਜ ਨੂੰ ਮਿਹਨਤ ਦੀ ਕਮਾਈ, ਸਾਦਗੀ ਅਤੇ ਉੱਚੇ ਮਨੁੱਖੀ ਮੁੱਲਾਂ ਦਾ ਸੰਦੇਸ਼ ਦਿੰਦਾ ਹੈ। ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੀ ਯਾਦ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਤੱਕ ਉਨ੍ਹਾਂ ਦੇ ਆਦਰਸ਼ਾਂ ਨੂੰ ਪਹੁੰਚਾਉਣਾ ਸਮੇਂ ਦੀ ਲੋੜ ਹੈ। ਵਫ਼ਦ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਯਾਦਗਾਰੀ ਅਤੇ ਇਤਿਹਾਸਕ ਢੰਗ ਨਾਲ ਮਨਾਉਣ ਲਈ ਆਪਣਾ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸੰਗਤਾਂ ਨੂੰ ਆਪਣੇ ਸ਼ਾਨਦਾਰ ਇਤਿਹਾਸ ਨਾਲ ਜੋੜਨ ਦੇ ਨਾਲ-ਨਾਲ ਨੌਜਵਾਨਾਂ ਵਿੱਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਕਿਰਤ ਕਰਨ ਦੀ ਮਹਾਨ ਪ੍ਰੰਪਰਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ।

