ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੂਨ
ਇਥੇ ਦਿੱਲੀ ਤੇ ਐੱਨਸੀਆਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮੌਨਸੂਨ ਦੇ ਮੀਂਹ ਨੇ ਛਹਬਿਰ ਲਾਈ ਤੇ ਸਰੀਰ ਲੂੰਹਦੀ ਗਰਮੀ ਤੋਂ ਲੋਕਾਂ ਨੂੰ ਛੁਟਕਾਰਾ ਮਿਲਿਆ। ਭਾਰਤੀ ਮੌਸਮ ਮਹਿਕਮੇ ਨੇ ਵੀ ਦਿੱਲੀ ਤੇ ਉੱਤਰੀ ਭਾਰਤ ਵਿੱਚ ਮੌਨਸੂਨ ਦੇ ਪੁੱਜਣ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਇਸ ਵਾਰ ਦਿੱਲੀ ਵਿੱਚ ਮੌਨਸੂਨ 100 ਤੋਂ ਵੱਧ ਰਹਿਣ ਦੀ ਪੇਸ਼ਨਗੋਈ ਕੀਤੀ ਜਾ ਚੁੱਕੀ ਹੈ। ਪਿਛਲੇ ਸਾਲ ਮੀਂਹਾਂ ਦਾ ਅੰਕੜਾ ਔਸਤ ਨਾਲੋਂ ਘੱਟ ਰਿਹਾ ਸੀ।ਦਿੱਲੀ ਸਮੇਤ ਐੱਨਸੀਆਰ ਦੇ ਇਲਾਕਿਆਂ ਵਿੱਚ ਦੂਰ-ਦੂਰ ਝੰਮ-ਝੰਮ ਮੀਂਹ ਪਿਆ। ਭਾਰਤੀ ਮੌਸਮ ਮਹਿਕਮੇ ਦੇ ਅਧਿਕਾਰੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਮੌਨਸੂਨ ਪੱਛਮੀ ਤੇ ਪੂਰਬੀ ਰਾਜਸਥਾਨ ਦੇ ਕੁੱਝ ਹਿੱਸਿਆਂ, ਹਰਿਆਣਾ ਦੇ ਪੂਰਬੀ ਹਿੱਸਿਆਂ, ਸਾਰੇ ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਤਕ ਪੁੱਜ ਗਿਆ ਹੈ। ਕੁੱਝ ਇਲਾਕਿਆਂ ਵਿੱਚ ਦਿੱਲੀ ਅੰਦਰ ਤੇਜ਼ ਮੀਂਹ ਪਿਆ ਤੇ ਸੜਕਾਂ ਪਾਣੀ ਨਾਲ ਭਰ ਗਈਆਂ। ਮਾਹਰਾਂ ਮੁਤਾਬਕ ਚੱਕਰਵਾਤ ਦੇ ਦਬਾਅ ਕਾਰਨ ਦਿੱਲੀ ਵਿੱਚ ਮੌਨਸੂਨ ਸਮੇਂ ਤੋਂ 2 ਦਿਨ ਪਹਿਲਾਂ ਪੁੱਜ ਗਿਆ। ਮੀਂਹ ਕਾਰਨ ਤਾਪਮਾਨ 37 ਡਿਗਰੀ ਤੇ 28 ਡਿਗਰੀ ਦੇ ਕਰੀਬ ਰਿਹਾ।
ਫਰੀਦਾਬਾਦ (ਪੱਤਰ ਪ੍ਰੇਰਕ): ਮੌਨਸੂਨ ਦੀ ਦਸਤਕ ਦੇ ਨਾਲ ਹੀ ਇਸ ਸਨਅਤੀ ਸ਼ਹਿਰ ਵਿੱਚ ਮੀਂਹ ਦਾ ਭਰਵਾਂ ਰੂਪ ਜ਼ਿਲ੍ਹੇ ਦੇ ਲੋਕਾਂ ਨੇ ਤੱਕਿਆ। ਸਵੇਰੇ ਤੇਜ਼ ਮੀਂਹ ਪਿਆ। ਪੇਂਡੂ ਇਲਾਕਿਆਂ ਵਿੱਚ ਕਿਸਾਨਾਂ ਨੇ ਮੀਂਹ ਦਾ ਸਵਾਗਤ ਕੀਤਾ ਤੇ ਕਿਹਾ ਕਿ ਝੋਨੇ ਦੀ ਬਿਜਾਈ ਲਈ ਮੌਸਮ ਅਨਕੂਲ ਹੋ ਗਿਆ ਹੈ। ਨਹਿਰ ਪਾਰ ਤੇ ਬੱਲਭਗੜ੍ਹ ਦੇ ਇਲਾਕਿਆਂ ਵਿੱਚ ਮੀਂਹ ਦੇ ਪਾਣੀ ਨਾਲ ਖੇਤ ਭਰ ਗਏ। ਗੁਰੂਗ੍ਰਾਮ ਤੇ ਨੋਇਡਾ ਵਿੱਚ ਵੀ ਮੀਂਹ ਦਾ ਜ਼ੋਰ ਰਿਹਾ। ਕਈ ਨੀਵੇਂ ਇਲਾਕੇ ਪਾਣੀ ਨਾਲ ਕੁੱਝ ਸਮੇਂ ਲਈ ਭਰ ਗਏ। ਗਾਜ਼ੀਆਬਾਦ ਦੇ ਇਲਾਕਿਆਂ ਵਿੱਚ ਵੀ ਬੱਦਲਾਂ ਨਾਲ ਸਾਰਾ ਦਿਨ ਅਕਾਸ਼ ਘਿਰਿਆ ਰਿਹਾ।