DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਣੀਪੁਰ ’ਚ ਘਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਮਗਰੋਂ Rahul Gandhi ਨੇ ਕੇਂਦਰ ’ਤੇ ਸੇਧਿਆ ਨਿਸ਼ਾਨਾ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮਣੀਪੁਰ ਦੇ ਦੋ ਆਦਿਵਾਸੀ ਪਿੰਡਾਂ ਵਿੱਚ ਕਈ ਘਰਾਂ ਨੂੰ ਅੱਗ ਲਗਾਏ ਜਾਣ ਦੀਆਂ ਘਟਨਾਵਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਮੋਦੀ ਸਰਕਾਰ ਦੀ “ਵੰਡਵਾਦੀ ਵਿਚਾਰਧਾਰਾ” ਦਾ ਨਤੀਜਾ ਹੈ।...

  • fb
  • twitter
  • whatsapp
  • whatsapp
featured-img featured-img
ਰਾਹੁਲ ਗਾਂਧੀ ਫਾਈਲ ਫੋਟੋ।
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮਣੀਪੁਰ ਦੇ ਦੋ ਆਦਿਵਾਸੀ ਪਿੰਡਾਂ ਵਿੱਚ ਕਈ ਘਰਾਂ ਨੂੰ ਅੱਗ ਲਗਾਏ ਜਾਣ ਦੀਆਂ ਘਟਨਾਵਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਮੋਦੀ ਸਰਕਾਰ ਦੀ “ਵੰਡਵਾਦੀ ਵਿਚਾਰਧਾਰਾ” ਦਾ ਨਤੀਜਾ ਹੈ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮਣੀਪੁਰ ਸਾਲਾਂ ਤੋਂ ਹਿੰਸਾ ਦੀ ਅੱਗ ਵਿੱਚ ਸੜ ਰਿਹਾ ਹੈ ਅਤੇ ਇੱਕ ਵਾਰ ਫਿਰ ਨਫ਼ਰਤ ਅਤੇ ਹਿੰਸਾ ਦੀ ਅੱਗ ਵਿੱਚ 20 ਘਰ ਸੜ ਕੇ ਸੁਆਹ ਹੋ ਗਏ ਹਨ।

Advertisement

ਐਕਸ ’ਤੇ ਹਿੰਦੀ ਵਿੱਚ ਕੀਤੀ ਪੋਸਟ ਵਿੱਚ ਉਨ੍ਹਾਂ ਕਿਹਾ, “ਦੋਹਰੀ ਸਰਕਾਰ ਅਤੇ ਰਾਸ਼ਟਰਪਤੀ ਸ਼ਾਸਨ ਦੇ ਬਾਵਜੂਦ ਟਕਰਾਅ ਲਗਾਤਾਰ ਵਧ ਰਿਹਾ ਹੈ। ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ, ਅਣਗਿਣਤ ਪਰਿਵਾਰ ਤਬਾਹ ਹੋ ਗਏ ਹਨ। ਮਣੀਪੁਰ ਜਿਸ ਪੀੜਾ ਵਿੱਚੋਂ ਲੰਘ ਰਿਹਾ ਹੈ, ਉਸ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ।”

Advertisement

ਉਨ੍ਹਾਂ ਦੋਸ਼ ਲਾਇਆ ਕਿ ਇਹ ਮੋਦੀ ਸਰਕਾਰ ਦੀ “ਵੰਡਵਾਦੀ ਵਿਚਾਰਧਾਰਾ” ਦਾ ਨਤੀਜਾ ਹੈ, ਜੋ ਧਰਮ, ਜਾਤ, ਭਾਸ਼ਾ, ਖੇਤਰ ਅਤੇ ਪਛਾਣ ਦੇ ਆਧਾਰ ’ਤੇ ਲੋਕਾਂ ਨੂੰ ਵੰਡਦੀ ਹੈ। ਉਨ੍ਹਾਂ ਕਿਹਾ ਕਿ ਅੱਜ ਨਾ ਸਿਰਫ਼ ਮਣੀਪੁਰ, ਸਗੋਂ ਪੂਰੇ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਾਰਵਾਈ ਤਾਂ ਦੂਰ, ਹਮਦਰਦੀ ਦੇ ਦੋ ਸ਼ਬਦਾਂ ਦੀ ਵੀ ਉਮੀਦ ਨਹੀਂ ਰਹੀ।

ਰਾਹੁਲ ਗਾਂਧੀ ਨੇ ਕਿਹਾ ਕਿ ਮਣੀਪੁਰ ਇਸ ਤੋਂ ਬਿਹਤਰ ਦਾ ਹੱਕਦਾਰ ਹੈ ਅਤੇ ਇਸ ਲਈ ਦੇਸ਼ ਨੂੰ ਇਕਜੁੱਟ ਕਰਨਾ ਹੀ ਅੱਗੇ ਵਧਣ ਦਾ ਇਕੋ-ਇੱਕ ਰਾਹ ਹੈ।

ਉਨ੍ਹਾਂ ਦੀ ਇਹ ਟਿੱਪਣੀ ਉਸ ਘਟਨਾ ਮਗਰੋਂ ਆਈ ਹੈ, ਜਿਸ ਵਿੱਚ ਬੁੱਧਵਾਰ ਨੂੰ ਭਾਰਤ-ਮਿਆਂਮਾਰ ਸਰਹੱਦ ਨੇੜੇ ਮਣੀਪੁਰ ਦੇ ਕਾਮਜੋਂਗ ਜ਼ਿਲ੍ਹੇ ਦੇ ਘੱਟੋ-ਘੱਟ ਦੋ ਆਦਿਵਾਸੀ ਪਿੰਡਾਂ ਵਿੱਚ ਹਥਿਆਰਬੰਦ ਅਤਿਵਾਦੀਆਂ ਵੱਲੋਂ ਕਈ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਅਨੁਸਾਰ ਕੁਕੀ-ਜ਼ੋ ਭਾਈਚਾਰੇ ਦੇ ਫੈਮੋਲ ਪਿੰਡ ਵਿੱਚ ਕਰੀਬ 10 ਕੱਚੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਇਹ ਪਿੰਡ ਅੰਤਰਰਾਸ਼ਟਰੀ ਸਰਹੱਦ ਨੇੜੇ ਚਸਾਦ ਥਾਣੇ ਤੋਂ ਕਰੀਬ 45 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵੇਲੇ ਪਿੰਡ ਵਾਸੀ ਉੱਥੇ ਮੌਜੂਦ ਨਹੀਂ ਸਨ, ਕਿਉਂਕਿ ਉਨ੍ਹਾਂ ਨੇ ਇੱਕ ਹਫ਼ਤੇ ਤੋਂ ਨੇੜਲੇ ਪਿੰਡ ਵਿੱਚ ਅਸਥਾਈ ਤੌਰ ’ਤੇ ਸ਼ਰਨ ਲਈ ਹੋਈ ਹੈ।

ਸੂਬੇ ਵਿੱਚ ਕੁਕੀ ਭਾਈਚਾਰੇ ਦੀ ਸਿਖਰਲੀ ਸੰਸਥਾ ‘ਕੁਕੀ ਇਨਪੀ ਮਣੀਪੁਰ’ (ਕੇਆਈਐਮ) ਨੇ ਇਸ ਅੱਗਜ਼ਨੀ ਦੀ ਸਖ਼ਤ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ਇਹ ਹਮਲੇ ਮਿਆਂਮਾਰ ਤੋਂ ਸਰਗਰਮ ਗਰੁੱਪਾਂ ਵੱਲੋਂ ਕੀਤੇ ਗਏ ਹਨ।

ਇੱਕ ਵੱਖਰੀ ਘਟਨਾ ਵਿੱਚ, ਜਿਸ ਨੂੰ ਬਦਲੇ ਦੀ ਕਾਰਵਾਈ ਮੰਨਿਆ ਜਾ ਰਿਹਾ ਹੈ, ਹਥਿਆਰਬੰਦ ਵਿਅਕਤੀਆਂ ਨੇ ਅੰਤਰਰਾਸ਼ਟਰੀ ਸਰਹੱਦ ਨੇੜੇ ਉਸੇ ਜ਼ਿਲ੍ਹੇ ਦੇ ਕੋਂਗਕਾਨ ਥਾਨਾ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਤਾਂਗਖੁਲ ਨਾਗਾ ਭਾਈਚਾਰੇ ਦੇ ਕਰੀਬ ਅੱਠ ਘਰਾਂ ਨੂੰ ਵੀ ਅੱਗ ਲਗਾ ਦਿੱਤੀ।

ਫੁੰਗਿਆਰ ਤੋਂ ਵਿਧਾਇਕ ਲੇਇਸ਼ਿਓ ਕੀਸ਼ਿੰਗ ਨੇ ਦਾਅਵਾ ਕੀਤਾ ਕਿ ਕੋਂਗਕਾਨ ਥਾਨਾ ਵਿੱਚ ਤਾਂਗਖੁਲ ਨਾਗਾ ਭਾਈਚਾਰੇ ਦੇ ਘੱਟੋ-ਘੱਟ 12 ਘਰਾਂ ਨੂੰ ਅੱਗ ਲਗਾਈ ਗਈ।

Advertisement
×