"ਰਾਹੁਲ ਗਾਂਧੀ 'ਚਿਰਕੁਟ' ਹਨ":PM Modi ਨੂੰ ਬਹਿਸ ਦੀ ਚੁਣੌਤੀ ’ਤੇ ਗਿਰੀਰਾਜ ਦਾ ਰਾਹੁਲ ’ਤੇ ਤਨਜ਼
ਰਾਹੁਲ ਗਾਂਧੀ ਅਮਿਤ ਸ਼ਾਹ ਦੀ ਚੁਣੌਤੀ ਪਰਵਾਨ ਕਰਨ; ਬਹਿਸ ਲਈ ਸੰਸਦ ਹੀ ਢੁਕਵਾਂ ਮੰਚ: ਕੇਂਦਰੀ ਮੰਤਰੀ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਬਹਿਸ ਲਈ ਦਿੱਤੀ ਚੁਣੌਤੀ ’ਤੇ ਤਿੱਖਾ ਤਨਜ਼ ਕੱਸਦਿਆਂ ਉਨ੍ਹਾਂ ਨੂੰ "ਚਿਰਕੁਟ" ਕਰਾਰ ਦਿੱਤਾ ਹੈ। ਗਿਰੀਰਾਜ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁਣੌਤੀ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਉੱਥੇ ਬਹਿਸ ਕਰਨੀ ਚਾਹੀਦੀ ਹੈ, ਕਿਉਂਕਿ ਸੰਸਦੀ ਪ੍ਰਣਾਲੀ ਵਿੱਚ ਬਹਿਸ ਲਈ ਸੰਸਦ ਹੀ ਢੁਕਵੀਂ ਥਾਂ ਹੈ।
ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ’ਤੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਤੇ ਈਵੀਐੱਮ (EVM) ਦੇ ਮੁੱਦਿਆਂ ’ਤੇ ਦੇਸ਼ ਵਿੱਚ ਭਰਮ ਫੈਲਾਉਣ ਦੇ ਦੋਸ਼ ਲਾਏ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਰਾਹੁਲ ਕੋਲ ਕੋਈ ਸਬੂਤ ਸਨ ਤਾਂ ਉਨ੍ਹਾਂ ਨੇ ਇਹ ਚੋਣ ਕਮਿਸ਼ਨ ਜਾਂ ਸੁਪਰੀਮ ਕੋਰਟ ਨੂੰ ਕਿਉਂ ਨਹੀਂ ਦਿੱਤੇ ? ਸਿੰਘ ਨੇ ਵਿਰੋਧੀ ਧਿਰ ’ਤੇ ਦੇਸ਼ ਦੀ ਤਰੱਕੀ ਰੋਕਣ ਅਤੇ ਅਸ਼ਾਂਤੀ ਫੈਲਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਚਲਾਉਣ ਦੀ ਮੰਗ ਕੀਤੀ।
ਇਸ ਤੋਂ ਇਲਾਵਾ, ਸਿੰਘ ਨੇ ਰਾਹੁਲ ਗਾਂਧੀ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਪੀਐੱਮ ਮੋਦੀ ਅਤੇ ਅਮਿਤ ਸ਼ਾਹ ਨੂੰ ਜੇਲ੍ਹ ਭੇਜਣ ਵਾਲੇ ਬਿਆਨ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਰਾਹੁਲ ਖੁਦ ਜ਼ਮਾਨਤ ’ਤੇ ਬਾਹਰ ਹਨ। ਉਨ੍ਹਾਂ ਬੀਜੇਪੀ ਐੱਮਪੀ ਨਿਸ਼ੀਕਾਂਤ ਦੁਬੇ ਦੇ ਦੋਸ਼ਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਵੱਲੋਂ ਚੀਨ ਤੋਂ ਫੰਡ ਲਏ ਜਾਣ ਦੇ ਪੁਖ਼ਤਾ ਸਬੂਤ ਮੌਜੂਦ ਹਨ।
ਦੱਸਣਯੋਗ ਹੈ ਕਿ ਇਹ ਵਿਵਾਦ ਤਦ ਸ਼ੁਰੂ ਹੋਇਆ ਜਦੋਂ ਰਾਹੁਲ ਗਾਂਧੀ ਨੇ 'ਐਕਸ' (X) ’ਤੇ ਇੱਕ ਸਰਵੇਖਣ (Poll) ਸ਼ੁਰੂ ਕਰਕੇ ਯੂਥ ਨੂੰ ਪੁੱਛਿਆ ਸੀ ਕਿ ਕੀ ਉਹ ਰਾਹੁਲ ਬਨਾਮ ਮੋਦੀ ਬਹਿਸ ਦੇਖਣਾ ਚਾਹੁੰਦੇ ਹਨ। ਰਾਹੁਲ ਨੇ ਰਾਜਨਾਥ ਸਿੰਘ, ਨਿਤਿਨ ਗਡਕਰੀ, ਸ਼ਿਵਰਾਜ ਸਿੰਘ ਚੌਹਾਨ ਅਤੇ ਯੋਗੀ ਆਦਿੱਤਿਆਨਾਥ ਨੂੰ ਟੈਗ ਕਰਕੇ ਪੀਐੱਮ ਮੋਦੀ ਨੂੰ ਬਹਿਸ ਲਈ ਮਨਾਉਣ ਦੀ ਅਪੀਲ ਵੀ ਕੀਤੀ ਸੀ।

