Rahul Gandhi ਨੇ ਨੌਜਵਾਨਾਂ ਨੂੰ ਪ੍ਰਦਰਸ਼ਨ ਜਾਰੀ ਰੱਖਣ ਦਾ ਦਿੱਤਾ ਸੱਦਾ
ਕਾਂਗਰਸ ਆਗੂ ਨੇ ਕਿਹਾ; ਸੰਵਿਧਾਨ 'ਤੇ ਹਮਲਾ ਕਰਨ ਵਾਲਿਆਂ ਦੀ ਹੋਵੇਗੀ ਹਾਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਨੌਜਵਾਨਾਂ ਨੂੰ "ਪ੍ਰਦਰਸ਼ਨ ਜਾਰੀ ਰੱਖਣ" ਦੀ ਅਪੀਲ ਕੀਤੀ ਅਤੇ ਦਾਅਵਾ ਕੀਤਾ ਕਿ "ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸੰਵਿਧਾਨ 'ਤੇ ਹਮਲਾ ਕਰਨ ਵਾਲੇ ਲੋਕਾਂ ਅਤੇ ਇਸ ਸਰਕਾਰ ਨੂੰ ਹਰਾਇਆ ਜਾਵੇ।"
ਰਾਹੁਲ ਗਾਂਧੀ, ਜੋ ਆਪਣੇ 'ਛਾਤਰੋਂ ਕੀ ਗੂੰਜ' ਪ੍ਰੋਗਰਾਮ ਦੇ ਸਿਲਸਿਲੇ ਵਿੱਚ ਚੇਨਈ ਪਹੁੰਚੇ ਹੋਏ ਹਨ, ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ ਐੱਸ ਐੱਸ ਦੀ "ਮੁੱਖ ਵਿਸ਼ੇਸ਼ਤਾ" "ਕਾਇਰਤਾ" ਹੈ।
ਰਾਹੁਲ ਗਾਂਧੀ ਨੇ ਐਕਸ 'ਤੇ ਕਿਹਾ ਕਿ ਮੈਂ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਨਰਿੰਦਰ ਮੋਦੀ ਅਤੇ ਆਰ ਐੱਸ ਐੱਸ ਨਾਲ ਲੜ ਰਿਹਾ ਹਾਂ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀ ਮੁੱਖ ਵਿਸ਼ੇਸ਼ਤਾ "ਕਾਇਰਤਾ" ਹੈ।
ਉਨ੍ਹਾਂ ਕਿਹਾ, "ਇਸ ਕਹਾਣੀ ਦੇ ਖਲਨਾਇਕ ਨਰਿੰਦਰ ਮੋਦੀ, ਅਮਿਤ ਸ਼ਾਹ, ਮੋਹਨ ਭਾਗਵਤ, ਗਿਆਨੇਸ਼ ਕੁਮਾਰ ਅਤੇ ਅਜੀਤ ਡੋਵਾਲ ਦੇ ਆਲੇ-ਦੁਆਲੇ ਹੌਲੀ-ਹੌਲੀ ਘੇਰਾ ਛੋਟਾ ਹੁੰਦਾ ਜਾ ਰਿਹਾ ਹੈ। ਅਸੀਂ ਉਸ ਘੇਰੇ ਨੂੰ ਛੋਟਾ ਕਰ ਰਹੇ ਹਾਂ।"
ਗਾਂਧੀ ਨੇ ਕਿਹਾ, "ਮੋਦੀ ਜੀ, ਜੋ ਮਰਜ਼ੀ ਕਰ ਲਓ। ਪੂਰੀ ਪੁਲੀਸ ਬੁਲਾ ਲਓ: 10,000, 20,000, 50,000, ਜੋ ਤੁਹਾਡਾ ਦਿਲ ਕਰੇ। ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਓ। ਸਾਰੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਓ। ਸਾਨੂੰ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਓ। ਅਸੀਂ ਤੁਹਾਨੂੰ ਘੇਰ ਰਹੇ ਹਾਂ ਅਤੇ ਅਸੀਂ ਪਿੱਛੇ ਨਹੀਂ ਹਟਾਂਗੇ।"
ਉਨ੍ਹਾਂ ਕਿਹਾ, "ਮੇਰੀ ਗੱਲ ਲਿਖ ਕੇ ਰੱਖ ਲਓ, ਸਾਡੇ ਕੋਲ ਲੋੜੀਂਦੀ ਜਾਣਕਾਰੀ ਪਹਿਲਾਂ ਹੀ ਮੌਜੂਦ ਹੈ। ਅਸੀਂ ਆਪਣੇ ਸੰਵਿਧਾਨ ਦੀ ਰਾਖੀ ਕਰਾਂਗੇ। ਅਸੀਂ ਭਾਰਤ ਦੇ ਲੋਕਾਂ ਦੀ ਆਵਾਜ਼ ਦੀ ਰਾਖੀ ਕਰਾਂਗੇ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਪਿਛਲੇ 10-15 ਸਾਲਾਂ ਦੌਰਾਨ ਭਾਰਤ ਨਾਲ ਜੋ ਕੁਝ ਕੀਤਾ ਗਿਆ ਹੈ, ਉਹ ਮੁੜ ਕਦੇ ਵੀ ਨਾ ਦੁਹਰਾਇਆ ਜਾਵੇ।"
ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੇ ਨੌਜਵਾਨਾਂ 'ਤੇ ਮਾਣ ਹੈ। ਉਨ੍ਹਾਂ ਨੌਜਵਾਨਾਂ ਨੂੰ ਪ੍ਰਦਰਸ਼ਨ ਜਾਰੀ ਰੱਖਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ "ਅਸੀਂ ਤੁਹਾਡੇ ਨਾਲ ਖੜ੍ਹੇ ਹਾਂ।"
ਉਨ੍ਹਾਂ ਜ਼ੋਰ ਦੇ ਕੇ ਕਿਹਾ, "ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਸ ਸਰਕਾਰ ਅਤੇ ਸਾਡੇ ਸੰਵਿਧਾਨ 'ਤੇ ਹਮਲਾ ਕਰਨ ਵਾਲੇ ਲੋਕਾਂ ਦੀ ਹਾਰ ਹੋਵੇ।" ਗਾਂਧੀ ਨੇ ਆਪਣੇ ਇਸ ਬਿਆਨ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ।
ਰਾਹੁਲ ਗਾਂਧੀ ਦਾ ਇਹ ਬਿਆਨ ਸ਼ਨਿੱਚਰਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਕੌਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੇ ਦਰਮਿਆਨ ਆਇਆ ਹੈ।
ਦਿੱਲੀ ਪੁਲੀਸ ਨੇ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ 3,000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਦੱਸਿਆ ਕਿ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਨਵੀਂ ਦਿੱਲੀ ਖੇਤਰ ਵਿੱਚ ਮਨਾਹੀ ਦੇ ਹੁਕਮ ਲਾਗੂ ਸਨ।

