
ਤੰਤੀ ਸਾਜ਼ਾਂ ਨਾਲ ਕੀਰਤਨ ਸਿੱਖਣ ਲਈ ਛੇ ਮਹੀਨੇ ਦੀ ਮੋਹਲਤ ਦਿੱਲੀ ਕਮੇਟੀ ਵੱਲੋਂ ਇਸ ਦੇ ਅਧੀਨ ਕਾਰਜਸ਼ੀਲ ਰਾਗੀਆਂ ਨੂੰ ਹਦਾਇਤ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਾਰੀ ਆਦੇਸ਼ ਮੁਤਾਬਕ, ਰਾਗੀ ਜੱਥੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ ਸ਼ੁਰੂ ਕਰਨ। ਇਸ ਲਈ ਉਨ੍ਹਾਂ ਨੂੰ ਛੇ ਮਹੀਨੇ ਦੀ ਮੋਹਲਤ 23 ਨਵੰਬਰ 2022 ਤੱਕ ਦਿੱਤੀ ਗਈ ਹੈ। ਰਾਗੀ ਜੱਥਿਆਂ ਨੂੰ ਕਿਹਾ ਗਿਆ ਕਿ ਜਿੰਨੀ ਜਲਦੀ ਹੋ ਸਕੇ ਉਹ ਤੰਤੀ ਸਾਜ਼ਾਂ ਨਾਲ ਅਭਿਆਸ ਸ਼ੁਰੂ ਕਰਨ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਰਵਾਇਤੀ ਸਾਜ਼ਾਂ ਨਾਲ ਕੀਰਤਨ ਕਰਨ ਦੀ ਹਦਾਇਤ ਸਿੱਖ ਕੌਮ ਨੂੰ ਕੀਤੀ ਗਈ ਹੈ।
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਗੁਰਦੁਆਰਿਆਂ ਵਿੱਚ ਕਾਰਜਸ਼ੀਲ ਰਾਗੀ ਜਥਿਆਂ ਨੂੰ ਕਿਹਾ ਹੈ ਕਿ ਉਹ ਫ਼ਿਲਮੀ ਧੁੰਨਾਂ ਉਪਰ ਕੀਰਤਨ ਨਾ ਕਰਨ ਤੇ ਗੁਰਮਿਤ ਰਾਗਾਂ ਅਧੀਨ ਹੀ ਗੁਰਬਾਣੀ ਗਾਇਨ ਕਰਨ। ਦਿੱਲੀ ਕਮੇਟੀ ਦੀ ਧਾਰਮਿਕ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਗਿਆ ਕਿ ਰਾਗੀ ਜੱਥਿਆਂ ਨੂੰ ਕਿਹਾ ਗਿਆ ਕਿ ਪਰਚੀ, ਪੋਥੀ ਤੇ ਮੋਬਾਈਲ ਨੂੰ ਰੱਖ ਕੇ ਕੀਰਤਨ ਕਰਨ ਦੀ ਵਜਾਏ ਕੰਠ ਕੀਤਾ ਕੀਰਤਨ ਹੀ ਕਰਨ, ਪਰ ਕੋਈ ਗ਼ਲਤੀ ਹੋਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਾਲ ਹੀ ਕਿਹਾ ਗਿਆ ਕਿ ਉਹ ਸਮਾਜਕ ਕਾਰਜਾਂ ਦੌਰਾਨ ਸੰਗਤ ਵਿੱਚ ਵਿਚਰਨ ਦੌਰਾਨ ਮਰਿਆਦਾ ਖ਼ਾਸ ਖ਼ਿਆਲ ਰੱਖਣ ਕਿਉਂਕਿ ਸੰਗਤ ਰਾਗੀਆਂ ਤੋਂ ਬਹੁਤ ਕੁੱਝ ਸਿੱਖਦੀਆਂ ਹਨ। ਸ੍ਰੀ ਕਰਮਸਰ ਨੇ ਕਿਹਾ ਕਿ ਗੁਰਦੁਆਰਾ ਕਰੋਲ ਬਾਗ਼, ਮਾਤਾ ਸੁੰਦਰੀ, ਗੁਰਦੁਆਰ ਦਰਿਆ ਗੰਜ, ਭਾਈ ਲਾਲੋ ਜੀ, ਢੱਕਾਧੀਰਪੁਰ, ਉੱਤਮ ਨਗਰ ਤੇ ਰਣਜੀਤ ਨਗਰ ਦੇ ਗੁਰਦੁਆਰਿਆਂ ਵਿੱਚ ਰਾਗੀ ਦੇਰੀ ਨਾਲ ਪਹੁੰਚਣਾ ਬੰਦ ਕਰਨ।
ਰਾਗੀਆਂ ਨੂੰ ਗਾਤਰਾ ਉੱਪਰ ਦੀ ਪਾਉਣ ਤੇ ਚਿੱਟੇ ਕੱਪੜਿਆਂ ਨਾਲ ਕਾਲੀਆਂ, ਨੀਲੀਆਂ, ਕੇਸਰੀ ਤੇ ਸਫ਼ੈਦ ਪੱਗਾਂ ਹੀ ਬੰਨ੍ਹਣ ਲਈ ਕਿਹਾ ਗਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ