ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਕਤੂਬਰ
ਇਥੇ ਵਿਧਾਇਕ ਰਾਘਵ ਚੱਢਾ ਨੇ ਐੱਚ-ਬਲਾਕ, ਨਰਾਇਣਾ ਵਿਹਾਰ ਦੇ ਸੈਨਿਕ ਸਦਨ ’ਚ ਰਹਿੰਦੇ ਸਾਬਕਾ ਫ਼ੌਜੀਆਂ, ਸ਼ਹੀਦਾਂ ਦੀਆਂ ਵਿਧਵਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਘਰ ਨੂੰ ਖਾਲੀ ਕਰਨ ਲਈ ਸੂਬਾ ਸੈਨਿਕ ਬੋਰਡ ਵੱਲੋਂ ਭੇਜੇ ਨੋਟਿਸ ਬਾਰੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ। ਸਤੰਬਰ 2019 ਵਿੱਚ ਚਿਪਕਾਏ ਗਏ ਨੋਟਿਸਾਂ ਬਾਰੇ ਦੱਸਿਆ ਗਿਆ ਤੇ ਅਰਜ਼ੀ ਨਾਲ ਜ਼ਰੂਰੀ ਦਸਤਾਵੇਜ਼ ਵੀ ਸੌਂਪੇ ਗਏ।
ਸ੍ਰੀ ਰਾਘਵ ਚੱਢਾ ਨੇ ਉਪ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਰਾਜ ਸੈਨਿਕ ਬੋਰਡ ਵੱਲੋਂ ਜਾਰੀ ਕੀਤੇ ਗਏ ਇਸ ਨੋਟਿਸ ਦਾ ਨੋਟਿਸ ਲੈਣ ਤਾਂ ਜੋ ਸ਼ਹੀਦਾਂ ਦੇ ਪਰਿਵਾਰਾਂ ਤੇ ਸਾਬਕਾ ਫ਼ੌਜੀਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਸਕੇ। ਉਪ ਰਾਜਪਾਲ ਨੇ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਇਸ ਮਾਮਲੇ ’ਚ ਜਲਦੀ ਤੋਂ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
50 ਸਾਲਾਂ ਤੋਂ ਕਾਬਜ਼ ਨੇ ਪਰਿਵਾਰ
1968 ਵਿੱਚ ਸੈਨਿਕ ਸਦਨ ਵਿੱਚ 24 ਫਲੈਟ ਅਲਾਟ ਕੀਤੇ ਗਏ ਸਨ ਜੋ ਕਿ ਨਰਾਇਣਾ ਵਿਹਾਰ ਦਿੱਲੀ ਦੇ ਐੱਚ-ਬਲਾਕ ਵਿੱਚ ਸਥਿਤ, ਸਾਬਕਾ ਫ਼ੌਜੀਆਂ, ਸ਼ਹੀਦ ਫ਼ੌਜੀਆਂ ਦੀਆਂ ਵਿਧਵਾਵਾਂ, ਯੁੱਧ ਵਿੱਚ ਜ਼ਖਮੀ ਹੋਏ ਫ਼ੌਜੀਆਂ ਤੇ ਸਨਮਾਨਿਤ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਲਾਟ ਕੀਤੇ ਗਏ ਸਨ। ਇਨ੍ਹਾਂ ਸਾਰੇ ਫ਼ੌਜੀਆਂ ਨੇ 1962 ਦੀ ਭਾਰਤ-ਚੀਨ ਯੁੱਧ ਤੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਹਿੱਸਾ ਲਿਆ ਸੀ। 1968 ’ਚ ਸਰਕਾਰ ਨੇ ਸਾਬਕਾ ਫ਼ੌਜੀਆਂ, ਸ਼ਹੀਦ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਈ ਕਿਸਮ ਦੀਆਂ ਰਿਹਾਇਸ਼ੀ ਯੋਜਨਾਵਾਂ ਤੇ ਨੌਕਰੀਆਂ ਸ਼ੁਰੂ ਕੀਤੀਆਂ ਜੋ ਯੁੱਧ ’ਚ ਸ਼ਾਮਲ ਹੋਏ ਸਨ। ਉਸੇ ਸਮੇਂ ਦਿੱਲੀ ਸਰਕਾਰ ਤੇ ਰੱਖਿਆ ਮੰਤਰਾਲੇ ਨੇ ਸੈਨਿਕ ਸਦਨ ਵਿੱਚ ਫ਼ੌਜੀ ਪਰਿਵਾਰਾਂ ਨੂੰ ਇਹ ਘਰ ਦਿੱਤੇ। ਸਾਬਕਾ ਫ਼ੌਜੀਆਂ ਤੇ ਸ਼ਹੀਦਾਂ ਦੇ ਪਰਿਵਾਰ ਲਗਪਗ 50 ਸਾਲਾਂ ਤੋਂ ਇਨ੍ਹਾਂ ਘਰਾਂ ’ਚ ਰਹਿ ਰਹੇ ਹਨ। ਫਲੈਟਾਂ ਦੀ ਉਸਾਰੀ ਸਿਪਾਹੀਆਂ ਦੇ ਮੁੜ ਵਸੇਬੇ ਲਈ ਕੀਤੀ ਗਈ ਸੀ।