Expiry Date ਬਦਲ ਕੇ ਸਾਮਾਨ ਵੇਚਣ ਵਾਲੇ Racket ਦਾ ਪਰਦਾਫਾਸ਼
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਦੋਸ਼; ਕੈਮੀਕਲ ਨਾਲ ਤਰੀਕਾਂ ਮਿਟਾ ਕੇ ਲਾਉਂਦੇ ਸਨ ਨਕਲੀ ਬਾਰਕੋਡ
ਦਿੱਲੀ ਪੁਲੀਸ ਨੇ ਦੇਸ਼ ਅਤੇ ਵਿਦੇਸ਼ ਦੇ ਬਾਜ਼ਾਰਾਂ ਵਿੱਚ ਵੇਚਣ ਲਈ ਕੌਮਾਂਤਰੀ ਬ੍ਰਾਂਡਾਂ ਦੇ ਮਿਆਦ ਪੁੱਗੇ ਖਾਧ ਪਦਾਰਥਾਂ ਦੀਆਂ ਤਰੀਕਾਂ ਬਦਲਣ ਅਤੇ ਉਨ੍ਹਾਂ ਦੀ ਮੁੜ-ਪੈਕਿੰਗ ਕਰਨ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਮੌਕੇ ਤੋਂ 20 ਲੱਖ ਰੁਪਏ ਤੋਂ ਵੱਧ ਕੀਮਤ ਦਾ ਸਾਮਾਨ ਬਰਾਮਦ ਕਰਦਿਆਂ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਓਖਲਾ ਸਨਅਤੀ ਖੇਤਰ ਦੀ ਪੁਲੀਸ ਨੇ ਏ ਸੀ ਪੀ ਅਨਿਲ ਸ਼ਰਮਾ ਦੀ ਨਿਗਰਾਨੀ ਹੇਠ ਇਹ ਕਾਰਵਾਈ ਕੀਤੀ। ਇਹ ਛਾਪੇਮਾਰੀ ਬਦਰਪੁਰ ਦੇ ਐੱਸ ਡੀ ਐੱਮ, ਐੱਫ ਐੱਸ ਐੱਸ ਏ ਆਈ ਅਤੇ ਇੱਕ ਗ਼ੈਰ-ਸਰਕਾਰੀ ਸੰਸਥਾ ਮਿਸ਼ਨ ਮੁਕਤੀ ਦੇ ਸਹਿਯੋਗ ਨਾਲ ਓਖਲਾ ਫੇਜ਼-2 ਵਿੱਚ ਸਥਿਤ ਮੈਸਰਜ਼ ਵੈਸਟੈਂਡ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਦੇ ਅਹਾਤੇ ਵਿੱਚ ਕੀਤੀ ਗਈ।
ਪੁਲੀਸ ਅਨੁਸਾਰ ਸ਼ੁਰੂਆਤੀ ਤੌਰ ’ਤੇ ਇਹ ਕਾਰਵਾਈ ਬਾਲ ਮਜ਼ਦੂਰੀ ਕਰਵਾਏ ਜਾਣ ਦੀ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਸੀ। ਹਾਲਾਂਕਿ ਤਲਾਸ਼ੀ ਦੌਰਾਨ ਕੋਈ ਨਾਬਾਲਗ ਨਹੀਂ ਮਿਲਿਆ, ਪਰ ਉੱਥੇ ਖਾਧ ਪਦਾਰਥਾਂ ਦੇ ਬਣਾਉਣ ਅਤੇ ਮਿਆਦ ਪੁੱਗਣ ਦੀਆਂ ਤਰੀਕਾਂ ਬਦਲਣ ਦਾ ਸੰਗਠਿਤ ਨੈੱਟਵਰਕ ਸਾਹਮਣੇ ਆਇਆ। ਮੁਲਜ਼ਮ ਕੌਮਾਂਤਰੀ ਬ੍ਰਾਂਡਾਂ ਦੇ ਮਿਆਦ ਪੁੱਗਣ ਵਾਲੇ ਅਤੇ ਨਸ਼ਟ ਹੋ ਚੁੱਕੇ ਉਤਪਾਦਾਂ ਨੂੰ ਸਸਤੀਆਂ ਦਰਾਂ ’ਤੇ ਖਰੀਦਦੇ ਸਨ। ਇਸ ਤੋਂ ਬਾਅਦ ਕੈਮੀਕਲ ਥਿਨਰ ਦੀ ਵਰਤੋਂ ਕਰ ਕੇ ਅਸਲ ਤਰੀਕਾਂ ਨੂੰ ਮਿਟਾ ਦਿੱਤਾ ਜਾਂਦਾ ਸੀ ਅਤੇ ਉੱਥੇ ਲੱਗੀਆਂ ਵਿਸ਼ੇਸ਼ ਪ੍ਰਿੰਟਿੰਗ ਮਸ਼ੀਨਾਂ ਰਾਹੀਂ ਨਕਲੀ ਤਾਰੀਖ਼ਾਂ ਛਾਪ ਦਿੱਤੀਆਂ ਜਾਂਦੀਆਂ ਸਨ।
ਮੁਲਜ਼ਮਾਂ ਵੱਲੋਂ ਪੌਸ਼ਟਿਕ ਤੱਤਾਂ ਦੀ ਜਾਣਕਾਰੀ ਵਾਲੇ ਲੇਬਲ ਬਦਲਣ ਦੇ ਨਾਲ-ਨਾਲ ਨਕਲੀ ਬੈਚ ਨੰਬਰ, ਬਾਰਕੋਡ ਅਤੇ ਕੀਮਤਾਂ ਦੇ ਸਟਿੱਕਰ ਲਗਾ ਕੇ ਉਤਪਾਦਾਂ ਨੂੰ ਮੁੜ-ਪੈਕ ਕੀਤਾ ਜਾਂਦਾ ਸੀ ਤਾਂ ਜੋ ਉਹ ਅਸਲੀ ਦਿਖਾਈ ਦੇਣ। ਇਸ ਸਾਮਾਨ ਨੂੰ ਭਾਰਤ ਸਮੇਤ ਵਿਦੇਸ਼ੀ ਬਾਜ਼ਾਰਾਂ ਅਤੇ ਔਨਲਾਈਨ ਪਲੇਟਫਾਰਮਾਂ ’ਤੇ ਸਪਲਾਈ ਕੀਤਾ ਜਾਂਦਾ ਸੀ। ਬਰਾਮਦ ਕੀਤੇ ਸਾਮਾਨ ਵਿੱਚ ਥਮਸ ਅੱਪ, ਫੈਂਟਾ, ਬੋਰਨਵੀਟਾ, ਹੌਰਲਿਕਸ, ਘਿਓ, ਮੈਗੀ ਨੂਡਲਜ਼ ਅਤੇ ਪੇਪਰ ਬੋਟ ਜੂਸ ਵਰਗੇ ਨਾਮਵਰ ਬ੍ਰਾਂਡ ਸ਼ਾਮਲ ਹਨ। ਪੁਲੀਸ ਨੇ ਕੰਪਨੀ ਦੇ ਮਾਲਕ ਦਰਸ਼ਨ ਸਿੰਘ ਸੱਚਦੇਵਾ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ ਮੁਲਜ਼ਮਾਂ ਦੀ ਪਛਾਣ ਮੈਨੇਜਰ ਨਿਤੇਸ਼ ਭਾਰਦਵਾਜ, ਅਕਾਊਂਟੈਂਟ ਨਰਿੰਦਰ ਕੁਮਾਰ, ਓਪਰੇਟਰ ਕਪਿਲ, ਗੋਦਾਮ ਇੰਚਾਰਜ ਲੱਕੀ ਓਝਾ ਅਤੇ ਸੁਪਰਵਾਈਜ਼ਰ ਪ੍ਰੇਮ ਯਾਦਵ ਤੇ ਪਵਨ ਕੁਮਾਰ ਯਾਦਵ ਵਜੋਂ ਹੋਈ ਹੈ। ਮੌਕੇ ਤੋਂ ਪ੍ਰਿੰਟਿੰਗ, ਸੀਲਿੰਗ ਅਤੇ ਤਰੀਕਾਂ ਬਦਲਣ ਵਾਲੀਆਂ ਮਸ਼ੀਨਾਂ ਬਰਾਮਦ ਹੋਈਆਂ ਹਨ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
