ਗੁਰਦੁਆਰਾ ਬੰਗਲਾ ਸਾਹਿਬ ’ਚ ‘ਰਬਾਬ ਤੋਂ ਨਗਾਰਾ’ ਪ੍ਰਦਰਸ਼ਨੀ
ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਅਤੇ ਇਤਿਹਾਸਕ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿੱਚ ‘ਰਬਾਬ ਤੋਂ ਨਗਾਰਾ’ ਨਾਮ ਦੀ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਿੱਖੀ ਦੇ ਵਿਕਾਸ ਨੂੰ ਦਰਸਾਉਂਦੀਆਂ ਇਤਿਹਾਸਕ ਨਿਸ਼ਾਨੀਆਂ ਅਤੇ ਕਲਾਕ੍ਰਿਤੀਆਂ ਨੂੰ ਸੰਗਤਾਂ ਦੇ ਸਨਮੁਖ ਪੇਸ਼ ਕਰਨਾ ਹੈ। ਇਸ ਪ੍ਰਦਰਸ਼ਨੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਗੁਰੂ ਸਾਹਿਬਾਨ ਨਾਲ ਸਬੰਧਤ ਨਿਸ਼ਾਨੀਆਂ ਨੂੰ ਐੱਲ.ਈ.ਡੀ. ਪਰਦਿਆਂ ਰਾਹੀਂ ਡਿਜੀਟਲ ਰੂਪ ਵਿੱਚ ਦਿਖਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਵਿੱਚ ਸਥਿਤ ਗੁਰੂ ਨਾਨਕ ਸਾਹਿਬ ਦਾ ਚੋਲਾ, ਕਰਤਾਰਪੁਰੀ ਬੀੜ ਵਿੱਚੋਂ ਗੁਰੂ ਅਰਜਨ ਦੇਵ ਜੀ ਦਾ ਹੱਥਲਿਖਤ ਮੂਲ ਮੰਤਰ ਅਤੇ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦੀਆਂ ਨਿਸ਼ਾਨੀਆਂ ਸ਼ਾਮਲ ਹਨ।
ਪ੍ਰਦਰਸ਼ਨੀ ਵਿੱਚ 1865 ਵਿੱਚ ਵਿਲੀਅਮ ਬੇਕਰ ਵੱਲੋਂ ਲਈ ਗਈ ਹਰਿਮੰਦਰ ਸਾਹਿਬ ਦੀ ਪਹਿਲੀ ਤਸਵੀਰ ਦੇ ਨਾਲ-ਨਾਲ ਲਾਲਾ ਦੀਨਦਿਆਲ, ਰਘੂ ਰਾਏ ਅਤੇ ਅਸ਼ੋਕ ਦਿਲਵਾਲੀ ਵਰਗੇ ਪ੍ਰਸਿੱਧ ਕਲਾਕਾਰਾਂ ਦੀਆਂ ਦੁਰਲੱਭ ਤਸਵੀਰਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ੋਭਾ ਸਿੰਘ, ਕਿਰਪਾਲ ਸਿੰਘ, ਅਰਪਨਾ ਕੌਰ, ਸਵਰਨਜੀਤ ਸਵੀ ਅਤੇ ਹੋਰ ਕਈ ਉੱਘੇ ਕਲਾਕਾਰਾਂ ਦੇ ਚਿੱਤਰ ਅਤੇ ਕਲਾਕ੍ਰਿਤੀਆਂ ਵੀ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅਰਦਾਸ ਉਪਰੰਤ ਕੀਤਾ। ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ, ਸਾਹਿਤ ਸਦਨ ਦੇ ਨਿਰਦੇਸ਼ਕ ਡਾ. ਜਸਵਿੰਦਰ ਸਿੰਘ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ। ਇਹ ਪ੍ਰਦਰਸ਼ਨੀ ਪਹਿਲੀ ਨਵੰਬਰ ਤੋਂ 10 ਨਵੰਬਰ ਤੱਕ ਰੋਜ਼ਾਨਾ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਸੰਗਤ ਦੇ ਦਰਸ਼ਨਾਂ ਲਈ ਖੁੱਲ੍ਹੀ ਰਹੇਗੀ ਅਤੇ ਸੰਗਤ ਵੱਲੋਂ ਇਸ ਉਪਰਾਲੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

