ਬੱਚਿਆਂ ਦੀ ਮੌਤ ਦੇ ਮਾਮਲੇ ’ਚ ਪੁਲੀਸ ਅਤੇ ਪ੍ਰਸ਼ਾਸਨ ਅੱਗੇ ਸਵਾਲ ਖੜ੍ਹੇ
ਫੌਜਦਾਰੀ ਪ੍ਰਕਿਰਿਆ ਜ਼ਾਬਤਾ ਤਹਿਤ ਮਾਮਲੇ ਦੀ ਜਾਂਚ ਜਾਰੀ
ਪੱਛਮੀ ਦਿੱਲੀ ਦੇ ਦਵਾਰਕਾ ਸੈਕਟਰ-23 ਵਿੱਚ ਸਥਿਤ ਗੌਲਫ ਕੋਰਸ ਦੇ ਤਲਾਅ ਵਿੱਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਅਤੇ ਪ੍ਰਸ਼ਾਸਨ ਇਹ ਫੈਸਲਾ ਨਹੀਂ ਕਰ ਸਕਿਆ ਹੈ ਕਿ ਇਸ ਲਾਪ੍ਰਵਾਹੀ ਦਾ ਅਸਲ ਦੋਸ਼ੀ ਕੌਣ ਹੈ। ਮਾਸੂਮ ਲੋਕਾਂ ਦੀ ਮੌਤ ਨੇ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਦਾ ਜਵਾਬ ਦੇਣ ਤੋਂ ਸਬੰਧਤ ਵਿਭਾਗ ਫਿਲਹਾਲ ਬਚਦੇ ਨਜ਼ਰ ਆ ਰਹੇ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਇਸ ਵੇਲੇ ਫੌਜਦਾਰੀ ਪ੍ਰਕਿਰਿਆ ਜ਼ਾਬਤਾ (ਸੀ ਆਰ ਪੀ ਸੀ) ਦੀ ਧਾਰਾ 194 ਦੇ ਤਹਿਤ ਕੀਤੀ ਜਾ ਰਹੀ ਹੈ। ਇੱਕ ਜਾਂਚ ਰਿਪੋਰਟ ਤਿਆਰ ਕੀਤੀ ਗਈ ਹੈ। ਜੇਕਰ ਜਾਂਚ ਵਿੱਚ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ, ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ੁਰੂਆਤੀ ਪੁਲੀਸ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚੇ ਕੰਧ ਟੱਪ ਕੇ ਗੋਲਫ ਕੋਰਸ ਦੇ ਅਹਾਤੇ ਵਿੱਚ ਦਾਖਲ ਹੋਏ ਸਨ। ਲਗਪਗ ਤਿੰਨ ਸਾਲ ਪਹਿਲਾਂ ਉਸਾਰੀ ਅਧੀਨ ਗੋਲਫ ਕੋਰਸ ਵਿੱਚ ਹੋਈ ਇਸੇ ਤਰ੍ਹਾਂ ਦੀ ਘਟਨਾ ਤੋਂ ਬਾਅਦ, ਜਿਸ ਵਿੱਚ ਤਿੰਨ ਨੌਜਵਾਨ ਕੰਧ ਟੱਪ ਕੇ ਅਹਾਤੇ ਵਿੱਚ ਦਾਖਲ ਹੋਏ ਸਨ। ਖਾਸ ਕਰਕੇ ਸ਼ਾਮ ਨੂੰ ਗੋਲਫ ਕੋਰਸ ਤੋਂ ਲੰਘਣ ਵਾਲੇ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਗੋਲਫ ਕੋਰਸ ਦੀ ਕੰਧ ਉੱਤੇ ਛਾਲ ਮਾਰਦੇ ਦੇਖਿਆ ਹੈ। ਸਮਾਜ-ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਲੋਕਾਂ ਵੱਲੋਂ ਵੀ ਕੰਧ ਟੱਪੇ ਜਾਣ ਦੀਆਂ ਚਰਚਾਵਾਂ ਹਨ। ਦੱਸਣਯੋਗ ਹੈ ਕਿ ਗੌਲਫ ਕੋਰਸ ’ਚ ਤਿੰਨ ਬੱਚਿਆਂ ਦੀ ਮੌਤ ਦੀ ਮਾਮਲਾ ਕਾਫੀ ਭਖਿਆ ਹੋਇਆ ਹੈ ਅਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ।

