DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਵਿਭਾਗ ਵੱਲੋਂ ਜਸਵੰਤ ਦੀਦ ਦੀ ਵਾਰਤਕ ਬਾਰੇ ਸਮਾਗਮ

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਅਕਾਦਮੀ ਦਾ ਸਾਂਝਾ ਉੱਦਮ

  • fb
  • twitter
  • whatsapp
  • whatsapp
featured-img featured-img
ਜਸਵੰਤ ਦੀਦ ਦਾ ਸਵਾਗਤ ਕਰਦੇ ਹੋਏ ਪ੍ਰੋ. ਕੁਲਵੀਰ ਗੋਜਰਾ, ਡਾ. ਰਵਿੰਦਰ ਸਿੰਘ ਤੇ ਹੋਰ।
Advertisement

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਅਕਾਦਮੀ, ਦਿੱਲੀ ਦੇ ਸਾਂਝੇ ਉੱਦਮ ਨਾਲ ਪੰਜਾਬੀ ਵਿਭਾਗ ਵਿਚ ਜਸਵੰਤ ਦੀਦ ਦੀ ਵਾਰਤਕ ਸਿਰਜਣ ਪ੍ਰਕਿਰਿਆ ਉੱਪਰ ਇੱਕ ਸਮਾਗਮ ਕਰਵਾਇਆ ਗਿਆ। ਵਿਭਾਗ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਕਿਹਾ ਕਿ ਜਸਵੰਤ ਦੀਦ ਪੰਜਾਬੀ ਕਵਿਤਾ ਤੇ ਵਾਰਤਕ ਵਿੱਚ ਵੱਖਰੀ ਪਛਾਣ ਵਾਲੇ ਲੇਖਕ ਹਨ ਅਤੇ ਪੰਜਾਬੀ ਵਿਭਾਗ ਦੇ ਨਵੇਂ ਸਿਲੇਬਸ ਵਿੱਚ ਉਨ੍ਹਾਂ ਦੀ ਕਾਵਿ-ਪੁਸਤਕ ‘ਬੇਸਮੈਂਟ ਕਵਿਤਾਵਾਂ’ ਪੜ੍ਹਾਈ ਜਾਵੇਗੀ।

ਸਮਾਗਮ ਕੋਆਰਡੀਨੇਟਰ ਡਾ. ਰਜਨੀ ਬਾਲਾ ਨੇ ਜਸਵੰਤ ਦੀਦ ਦੀ ਸਾਹਿਤਕ ਦੇਣ ਤੋਂ ਜਾਣੂ ਕਰਾਉਂਦਿਆਂ ਉਨ੍ਹਾਂ ਦੀ ਨਵੀਂ ਵਾਰਤਕ ਪੁਸਤਕ ‘ਕੁੜਤੇ ਦੀਆਂ ਚਾਬੀਆਂ’ ਦੀ ਵਾਰਤਕ ਸ਼ੈਲੀ ਬਾਰੇ ਵੀ ਗੱਲ ਕੀਤੀ। ਡਾ. ਯਾਦਵਿੰਦਰ ਸਿੰਘ ਨੇ ਵੀ ਦੀਦ ਦੀ ਵਾਰਤਕ ਰਚਨਾ ਬਾਰੇ ਆਪਣੇ ਵਿਚਾਰ ਰੱਖੇ। ਉਪਰੰਤ ਜਸਵੰਤ ਦੀਦ ਨੇ ਕਿਹਾ ਕਿ ਉਨ੍ਹਾਂ ਨੂੰ ਸਾਹਿਤ ਲਿਖਣ ਦੀ ਚੇਟਕ ਅੱਠਵੀਂ ਜਮਾਤ ਵਿੱਚ ਹੀ ਲੱਗ ਗਈ ਸੀ ਅਤੇ ਅੱਠਵੀਂ ਜਮਾਤ ਵਿੱਚ ਹੀ ਉਨ੍ਹਾਂ ਨੇ ਪਹਿਲਾਂ ਰੇਡੀਓ ਨਾਟਕ ਲਿਖਿਆ ਜਿਸ ਨੂੰ ਉਹ ਆਪਣੀ ਵਾਰਤਕ ਰਚਨਾ ਦੇ ਮੁੱਢ ਵਜੋਂ ਹੀ ਵੇਖਦੇ ਹਨ।

Advertisement

ਉਨ੍ਹਾਂ ਕਿਹਾ ਕਿ ਫਿਰ ਵਾਰਤਕ ਲਿਖਣ ਦੀ ਸੋਝੀ ਪ੍ਰੇਮ ਪੱਤਰ ਲਿਖਣ ’ਚੋਂ ਪੈਦਾ ਹੋਈ। ਪ੍ਰੇਮ ਪੱਤਰ ਲਿਖਦਿਆਂ ਉਹ ਨਾਨਕ ਸਿੰਘ ਤੇ ਕੰਵਲ ਦੇ ਨਾਵਲਾਂ ’ਚੋਂ ਸਤਰਾਂ ਜੋੜ ਦਿੰਦੇ ਸਨ ਤਾਂ ਜੋ ਖ਼ਤ ਹੋਰ ਪ੍ਰਭਾਵਸ਼ਾਲੀ ਬਣ ਸਕੇ। ਦੀਦ ਨੇ ਅੱਗੇ ਦੱਸਿਆ ਕਿ ਅੰਮ੍ਰਿਤਾ ਪ੍ਰੀਤਮ ਨੇ ਉਨ੍ਹਾਂ ਨੂੰ ਸਾਹਿਤਕ ਵਾਰਤਕ ਲਿਖਣ ਲਈ ਪ੍ਰੇਰਿਆ ਅਤੇ ਫਿਰ ਉਹ ‘ਨਾਗਮਣੀ’ ਵਾਸਤੇ ਵਾਰਤਕ ਲਿਖਣ ਲੱਗੇ। ਬਾਅਦ ਵਿੱਚ ਦਮਦਮੀ ਸਿੱਧੂ ਦੇ ਮੈਗਜ਼ੀਨ ‘ਹੰਸ’ ਵਿੱਚ ਮਾਮੇ ਦੀ ਸ਼ਾਹਕੋਟ ਫੇਰੀ ਕਵਿਤਾ ਬਾਰੇ ਲਿਖਿਆ ਅਤੇ ਫਿਰ ਆਪਣੇ ਨਾਨੇ ਬਾਰੇ ਲੇਖ ਲਿਖਿਆ। ਇਸ ਤਰ੍ਹਾਂ ਉਨ੍ਹਾਂ ਦੀ ਪਹਿਲੀ ਕਿਤਾਬ ‘ਧਰਤੀ ਹੋਰ ਪਰੇ’ ਪ੍ਰਕਾਸ਼ਿਤ ਰੂਪ ’ਚ ਸਾਹਮਣੇ ਆਈ।

Advertisement

ਉਨ੍ਹਾਂ ਦੱਸਿਆ ਕਿ ਫਿਰ ਇਸ ਤੋਂ ਇੱਕ ਅਗਲਾ ਪੜਾਅ ਉਹ ਆਉਂਦਾ ਹੈ ਜਦੋਂ ਗੁਰਬਚਨ ਹੋਰਾਂ ਨੇ ਉਹਨਾਂ ਕੋਲੋਂ ‘ਫਿਲਹਾਲ’ ਵਾਸਤੇ ਲਿਖਵਾਇਆ। ਉਨ੍ਹਾਂ ਇਹ ਵੀ ਕਿਹਾ ਕਿ ਵਾਰਤਕ ਇਹ ਨਹੀਂ ਕਿ ਜੋ ਦਿਲ ਵਿੱਚ ਆਇਆ ਤੁਸੀਂ ਲਿਖ ਦਿੱਤਾ, ਸਾਹਿਤ ਦਰਅਸਲ ਇਹ ਨਿਸ਼ਬਦ ਨੂੰ ਸ਼ਬਦਾਂ ਰਾਹੀਂ ਫੜਨ ਦਾ ਯਤਨ ਹੈ। ਸਾਹਿਤ ਦਿਲ ਤੇ ਦਿਮਾਗ ਤੋਂ ਪਾਰ ਦੀ ਗੱਲ ਹੈ, ਇਸ ਦਾ ਸਬੰਧ ਮਨੁੱਖੀ ਸੰਵੇਦਨਾ ਤੇ ਅਨੁਭਵ ਨਾਲ ਹੈ।

ਉਨ੍ਹਾਂ ਕਿਹਾ ਅਨੁਭਵ ਤੋਂ ਬਿਨਾਂ ਅੱਜ ਤਾਈਂ ਇੱਕ ਅੱਖਰ ਵੀ ਨਹੀਂ ਲਿਖਿਆ। ਜਦ ਤਕ ਤੁਸੀਂ ਆਪਣੇ ਆਪ ਨੂੰ ਭੀੜ ਤੋਂ ਵੱਖ ਨਹੀਂ ਕਰਦੇ, ਚੰਗੀ ਰਚਨਾ ਨਹੀਂ ਲਿਖ ਸਕਦੇ। ਅਖ਼ੀਰ ਵਿੱਚ ਉਨ੍ਹਾਂ ਨੇ ਕੁਝ ਵਾਰਤਕ ਟੁਕੜੇ ਵੀ ਪੜ੍ਹ ਕੇ ਸੁਣਾਏ। ਇਸ ਸਮਾਗਮ ਵਿੱਚ ਪੰਜਾਬੀ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਵੱਡੀ ਪੱਧਰ ’ਤੇ ਸ਼ਿਰਕਤ ਕੀਤੀ। ਅੰਤ ਵਿੱਚ ਪ੍ਰੋਫੈਸਰ ਰਵਿੰਦਰ ਕੁਮਾਰ ਨੇ ਸਾਰਿਆਂ ਦਾ ਰਸਮੀ ਧੰਨਵਾਦ ਕੀਤਾ।

Advertisement
×