Punjabi Culture:ਵਿਦਿਆਰਥੀਆਂ ਨੂੰ ਪੰਜਾਬੀ ਲੋਕ ਵਿਰਸੇ ਬਾਰੇ ਜਾਣੂ ਕਰਵਾਇਆ
ਭੰਗੜੇ ਦੀਆਂ ਰਵਾਇਤੀ ਤਾਲਾਂ ਅਤੇ ਚਾਲਾਂ ਨੂੰ ਢੋਲ ’ਤੇ ਵਜਾ ਕੇ ਸੁਣਾਇਆ
ਮਨਿਸਟਰੀ ਆਫ਼ ਕਲਚਰ (ਭਾਰਤ ਸਰਕਾਰ) ਦੇ ਅਦਾਰੇ ਸੈਂਟਰ ਫਾਰ ਕਲਚਰਲ ਰਿਸੋਰਸਿਜ਼ ਐਂਡ ਟਰੇਨਿੰਗ (ਸੀ ਸੀ ਆਰ ਟੀ ) ਵੱਲੋਂ ਗੌਰਮਿੰਟ ਸਰਵੋਦਿਆ ਬਾਲ ਵਿਦਿਆਲਾ, ਝੰਡੇਵਾਲਾਨ ਨਵੀਂ ਦਿੱਲੀ ਵਿੱਚ ਵਰਕਸ਼ਾਪ ਲਗਾਈ। ਪੰਜਾਬ ਦੇ ਲੋਕ ਵਿਰਸੇ ’ਤੇ ਅਧਾਰਿਤ ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਦੇ ਪਰੰਪਰਾਗਤ/ਰਵਾਇਤੀ ਲੋਕ ਸਭਿਆਚਾਰ ਨਾਲ ਜੁੜੇ ਲੋਕ ਨਾਚਾਂ, ਲੋਕ ਗੀਤਾਂ, ਲੋਕ ਪਹਿਰਾਵਿਆਂ, ਲੋਕ ਕਲਾਵਾਂ, ਲੋਕ ਖ਼ੁਰਾਕਾਂ, ਲੋਕ ਧੰਦਿਆਂ, ਲੋਕ ਸੰਦਾਂ ਆਦਿ ਬਾਰੇ ਜਾਣੂ ਕਰਵਾਇਆ ਗਿਆ। ਇਸ ਕਾਰਜ ਲਈ ਸੀ ਸੀ ਆਰ ਟੀ ਵੱਲੋਂ ਪੰਜਾਬ ਦੇ ਲੋਕ ਨਾਚਾਂ ਦੇ ਕੌਮਾਂਤਰੀ ਕੋਚ ਅਤੇ ਅਲਗੋਜ਼ਾ ਵਾਦਕ ਰਾਜਿੰਦਰ ਟਾਂਕ ਨੂੰ ਸੱਦਿਆ ਗਿਆ। ਅਰੰਭ ਵਿੱਚ ਵਿਦਿਆਰਥੀਆਂ ਨੂੰ ਭੰਗੜੇ ਦੀਆਂ ਰਵਾਇਤੀ ਤਾਲਾਂ ਅਤੇ ਚਾਲਾਂ ਨੂੰ ਢੋਲ ’ਤੇ ਵਜਾ ਕੇ ਸੁਣਾਇਆ ਗਿਆ। ਇਸ ਤੋਂ ਇਲਾਵਾ ਭੰਗੜਾ, ਝੂੰਮਰ, ਲੁੱਡੀ, ਮਲਵਈ ਗਿੱਧਾ ਆਦਿ ਲੋਕ ਨਾਚਾਂ ਦੀਆਂ ਚਾਲਾਂ ਦੀ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਗਈ। ਨਾਲ ਹੀ ਢੋਲ, ਬੁਗਦੂ, ਚਿਮਟਾ, ਅਲਗੋਜ਼ੇ, ਢੱਡ, ਤੂੰਬੀ ਆਦਿ ਲੋਕ ਸਾਜ਼ਾਂ ਬਾਰੇ ਵੀ ਵਿਦਿਆਰਥੀਆਂ ਨਾਲ ਸਾਂਝ ਪਾਈ ਗਈ। ਉਪਰੰਤ ਅਮਿਤ ਢੋਲੀ ਨੇ ਲੋਕ ਨਾਚਾਂ ਦੀਆਂ ਤਾਲਾਂ ਨੂੰ ਬੜੇ ਨਵੇਕਲੇ ਢੰਗ ਨਾਲ ਵਜਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਅੰਤ ਵਿੱਚ ਸਕੂਲ ਪ੍ਰਿੰਸੀਪਲ ਅਜੇ ਕੁਮਾਰ ਨੇ, ਸੀ ਸੀ ਆਰ ਟੀ ਕੋਆਰਡੀਨੇਟਰ ਸੁਖਵਿੰਦਰ ਸਿੰਘ, ਰਾਜਿੰਦਰ ਟਾਂਕ, ਅਮਿਤ ਢੋਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਅੰਦਰ ਵੀ ਸਕੂਲ ਵਿੱਚ ਇਸ ਤਰ੍ਹਾਂ ਦੀਆਂ ਸਾਰਥਕ ਵਰਕਸ਼ਾਪਾਂ ਦਾ ਆਯੋਜਨ ਕਰਵਾਇਆ ਜਾਏਗਾ।

