ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਸਰਨਿਆਂ ਨੇ ਸਿੱਖ ਪੰਥ ਦੇ ਇਤਿਹਾਸ ਵਿਚ ਪਹਿਲੀ ਵਾਰ ਗੁਰਦੁਆਰਾ ਰਕਾਬਗੰਜ ਸਾਹਿਬ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਸਿੱਖ ਕੌਮ ਨੂੰ ਕਲੰਕਿਤ ਕੀਤਾ ਹੈ ਤੇ ਉਨ੍ਹਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਰਨਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ।
ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ, ਵਿਕਮਰਜੀਤ ਸਿੰਘ ਰੋਹਿਣੀ ਤੇ ਸਰਵਜੀਤ ਸਿੰਘ ਵਿਰਕ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਅੱਜ ਤੱਕ ਕਿਸੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਸਕਾਰ ਵਾਲੇ ਪਵਿੱਤਰ ਅਸਥਾਨ ਸਾਹਮਣੇ ਰੋਸ ਪ੍ਰਦਰਸ਼ਨ ਨਹੀਂ ਕੀਤਾ ਪਰ ਜਦੋਂ ਸਰਨਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਇਹ ਰੋਸ ਪ੍ਰਦਰਸ਼ਨ ਕੀਤਾ ਤਾਂ ਸਾਰੀ ਕੌਮ ਦਾ ਸਿਰ ਸ਼ਰਮ ਨਾਲ ਝੁੱਕ ਗਿਆ। ਸਰਨਿਆਂ ਨੇ ਕੌਮ ਨੂੰ ਕਲੰਕਿਤ ਕਰ ਕੇ ਰੱਖ ਦਿੱਤਾ ਹੈ। ਮੈਂਬਰਾਂ ਨੇ ਕਿਹਾ ਕਿ ਪੰਥਕ ਰਵਾਇਤਾਂ, ਪਰੰਪਰਾਵਾਂ ਤੇ ਮਰਿਆਦਾ ਦੀ ਦੁਹਾਈ ਦੇਣ ਵਾਲੇ ਸਰਨਿਆਂ ਤੇ ਭਾਈ ਰਣਜੀਤ ਸਿੰਘ ਨੇ ਜੋ ਕੀਤਾ, ਉਹ ਨਿੰਦਣਯੋਗ ਘਟਨਾ ਹੈ। ਇਹਨਾਂ ਮੈਂਬਰਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਮਾਮਲੇ ਦਾ ਨੋਟਿਸ ਲੈਣ ਤੇ ਸਰਨਿਆਂ ਤੇ ਭਾਈ ਰਣਜੀਤ ਸਿੰਘ ਨੂੰ ਸਿੱਖ ਕੌਮ ਵਿਚੋਂ ਛੇਕਣ ਦਾ ਐਲਾਨ ਕਰਨ।