
ਰਾਹੁਲ ਗਾਂਧੀ ਦੇ ਹੱਕ ’ਚ ਧਰਨਾ ਦਿੰਦੇ ਹੋਏ ਕਾਂਗਰਸੀ ਵਰਕਰ।
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਾਰਚ
ਸੂਰਤ ਦੀ ਇੱਕ ਅਦਾਲਤ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਸੁਣਾਈ ਗਈ ਦੋ ਸਾਲ ਦੀ ਸਜ਼ਾ ਖ਼ਿਲਾਫ਼ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਰੋਸ ਧਰਨਾ ਦਿੱਤਾ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਸਾਡੇ ਨਿਡਰ ਨੇਤਾ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਰਾਹੁਲ ਗਾਂਧੀ ਡਰਨ ਵਾਲੇ ਨਹੀਂ ਹਨ। ਰਾਹੁਲ ਸੱਚ ਬੋਲਦੇ ਹਨ ਤੇ ਦੇਸ਼ ਦੇ ਲੋਕਾਂ ਦੀ ਸੱਚਾਈ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਸੂਬਾ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਵਿੱਚ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਰਾਹੁਲ ਗਾਂਧੀ ਦੇ ਸਮਰਥਨ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੇ, ਉਥੇ ਰੋਸ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਕਾਂਗਰਸ ਦਾ ਵਰਕਰ ਆਪਣੇ ਆਗੂ ਦੇ ਸਮਰਥਨ ’ਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ| ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਭਾਜਪਾ ਸਰਕਾਰ ਰਾਹੁਲ ਗਾਂਧੀ ਨਾਲ ਸੰਸਦ ਵਿੱਚ ਵਿਰੋਧੀ ਧਿਰ ਦੀ ਏਕਤਾ ਤੋਂ ਚਿੰਤਤ ਹੈ ਕਿਉਂਕਿ ਰਾਹੁਲ ਮੋਦੀ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਕਾਲੇ ਕਾਰਨਾਮਿਆਂ ਦਾ ਲਗਾਤਾਰ ਪਰਦਾਫਾਸ਼ ਕਰ ਰਹੇ ਹਨ। ਸੰਸਦ ਵਿੱਚ ਅਡਾਨੀ ਮਾਮਲੇ ਵਿੱਚ ਜੇਪੀਸੀ ਬਣਾਉਣ ਦੀ ਮੰਗ ਉਠਾਉਂਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸੱਚ ਬੋਲਣ ਦੀ ਜੋ ਸਜ਼ਾ ਮਿਲ ਰਹੀ ਹੈ, ਉਸ ਤੋਂ ਉਹ ਡਰਨ ਵਾਲੇ ਨਹੀਂ ਹਨ। ਰਾਹੁਲ ਸਰਕਾਰੀ ਸਿਸਟਮ ਦੇ ਦਬਾਅ ਹੇਠ ਝੂਠ ਦੇ ਅੱਗੇ ਝੁਕਣ ਵਾਲੇ ਨਹੀਂ ਹਨ। ਡਰੀ ਹੋਈ ਭਾਜਪਾ ਰਾਹੁਲ ਗਾਂਧੀ ਵਿਰੁੱਧ ਬੇਬੁਨਿਆਦ ਕੇਸ ਬਣਾ ਕੇ ਉਨ੍ਹਾਂ ਨੂੰ ਦਬਾਅ ਨਹੀਂ ਸਕਦੀ। ਭਾਜਪਾ ਦੀ ਕੇਂਦਰ ਸਰਕਾਰ ਚਾਹੇ ਰਾਹੁਲ ’ਤੇ ਈਡੀ, ਸੀਬੀਆਈ ਜਾਂ ਪੁਲੀਸ ਐੱਫਆਈਆਰ ਦੇ ਕਿੰਨੇ ਵੀ ਕੇਸ ਲਗਾ ਲਵੇ, ਉਹ ਬੇਇਨਸਾਫ਼ੀ ਅਤੇ ਤਾਨਾਸ਼ਾਹੀ ਵਿਰੁੱਧ ਸੰਸਦ ਵਿਚ ਜਾਂ ਸੰਸਦ ਦੇ ਬਾਹਰ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਸਿਆਸੀ ਦੀਵਾਲੀਆਪਨ ਦਾ ਸ਼ਿਕਾਰ ਹੈ, ਰਾਹੁਲ ਦੇ ਸਿਆਸੀ ਭਾਸ਼ਣਾਂ ’ਤੇ ਪੁਲੀਸ ਜਾਂ ਈਡੀ/ਸੀਬੀਆਈ ਦੀ ਵਰਤੋਂ ਕਰ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਫਾਸ਼ੀਵਾਦੀ ਤਾਕਤਾਂ ਵਿਰੁੱਧ ਜ਼ੋਰਦਾਰ ਲੜਾਈ ਜਾਰੀ ਰੱਖਾਂਗੇ। ਕਾਂਗਰਸ ਪਾਰਟੀ ਅਦਾਲਤ ਦੇ ਹੁਕਮਾਂ ਦਾ ਸਤਿਕਾਰ ਕਰਦੀ ਹੈ।
ਉਨ੍ਹਾਂ ਕਿਹਾ ਕਿ 2014 ਤੋਂ ਦੇਸ਼ ਵਿੱਚ ਭਾਜਪਾ ਵੱਲੋਂ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਹੈ ਤਾਂ ਕਿ ਵਿਰੋਧੀ ਧਿਰ ਚੁੱਪਚਾਪ ਸਦਨ ਵਿੱਚ ਬੈਠ ਜਾਵੇ ਤੇ ਮੀਡੀਆ ਅਤੇ ਏਜੰਸੀਆਂ ਉਨ੍ਹਾਂ ਦੇ ਕਹਿਣ ’ਤੇ ਕੰਮ ਕਰਨ। ਮੋਦੀ ਅਜਿਹਾ ਭਾਰਤ ਚਾਹੁੰਦੇ ਹਨ ਪਰ ਇਹ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭਾਰਤ ਨੂੰ ਸੁੰਦਰ ਬਣਾਇਆ, ਜਿਸ ਨੂੰ ਤਬਾਹ ਨਹੀਂ ਹੋਣ ਦੇਵਾਂਗੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ