ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਸਤੰਬਰ
ਦਿੱਲੀ ਸਰਕਾਰ ਵੱਲੋਂ ਬੱਸਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਿਵਲ ਡਿਫੈਂਸ ਦੇ ਵਾਲੰਟੀਅਰਾਂ ਨੂੰ ਕਈ ਮਹੀਨਿਆਂ ਦੀ ਤਨਖ਼ਾਹ ਨਹੀਂ ਦਿੱਤੀ ਜਾ ਰਹੀ, ਜਿਸ ਕਰਕੇ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਰੋਸ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਤਨਖ਼ਾਹਾਂ ਸਰਕਾਰ ਤੋਂ ਮੰਗੀਆਂ।
ਉਨ੍ਹਾਂ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਤਨਖ਼ਾਹਾਂ ਦਾ ਭੁਗਤਾਨ ਕਰਨ ਦੇ ਨਾਅਰੇ ਲਿਖੇ ਹੋਏ ਸਨ। ਵੱਡੀ ਗਿਣਤੀ ਵਿੱਚ ਵਾਲੰਟੀਅਰ ਸਿਵਲ ਲਾਈਨਜ਼ ਇਲਾਕੇ ਵਿੱਚ ਇੱਕਠੇ ਹੋਏ ਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵੱਧਣ ਲੱਗੇ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਵਾਲੰਟੀਅਰ ਉੱਥੇ ਹੀ ਬੈਠਕ ਗਏ ਤੇ ਨਾਅਰੇਬਾਜ਼ੀ ਕੀਤੀ। ਇੱਕ ਵਾਲੰਟੀਅਰ ਨੇ ਦੱਸਿਆ ਕਿ ਉਨ੍ਹਾਂ ਨੂੰ 3 ਤੋਂ 5 ਮਹੀਨੇ ਤੋਂ ਤਨਖ਼ਾਹਾਂ ਨਸੀਬ ਨਹੀਂ ਹੋਈਆਂ। ਇਸੇ ਕਰ ਕੇ ਉਨ੍ਹਾਂ ਦੇ ਸਾਰੇ ਤਿਓਹਾਰ ਫਿੱਕੇ ਗਏ ਤੇ ਉਹ ਕਰਜ਼ਈ ਹੋ ਗਏ ਹਨ। ਪਹਿਲਾਂ ਹੀ ਉਨ੍ਹਾਂ ਨੂੰ ਬਹੁਤੀ ਤਨਖ਼ਾਹ ਨਹੀਂ ਮਿਲਦੀ। ਵਾਲੰਟੀਅਰਾਂ ਨੇ ਦੱਸਿਆ ਕਿ ਹੁਣ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੱਗੇ ਵੱਡਾ ਅੰਦੋਲਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬਾਬੂਆਂ ਦੇ ਦਿੱਲੀ ਸਰਕਾਰ ਨਾਲ ਟਰਕਾਅ ਕਾਰਨ ਵਾਲੰਟੀਅਰਾਂ ਦੀਆਂ ਤਨਖ਼ਾਹਾਂ ਰੁਕੀਆ ਪਈਆਂ ਹਨ। ਦਿੱਲੀ ਦੀ ਮਾਲ ਮੰਤਰੀ ਆਤਿਸ਼ੀ ਨੇ ਅਧਿਕਾਰੀਆਂ ਨੰ ਵਾਲੰਟੀਅਰਾਂ ਦੀਆਂ ਤਨਖ਼ਾਹਾਂ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਪਰ ਫਿਰ ਵੀ ਤਨਖ਼ਾਹਾਂ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਪਾਈਆਂ ਗਈਆਂ। ਇਹ ਵਾਲੰਟੀਅਰ ਸਰਕਾਰੀ ਕਾਰਜਾਂ ਜਿਵੇਂ ਜਿਸਤ-ਟਾਂਕ ਯੋਜਨਾ, ਕਰੋਨਾ ਕਾਲ, ਸਮਾਜਕ ਕਾਰਜਾਂ ਸਮੇਂ ਡਿਊਟੀਆਂ ਦਿੰਦੇ ਆਏ ਹਨ। ਟ੍ਰੈਫਿਕ ਕੰਟਰੋਲ ਸਮੇਂ ਵੀ ਕਾਰਜਸ਼ੀਲ ਰਹਿੰਦੇ ਹਨ।