ਨਗਰ ਨਿਗਮ ਮੀਟਿੰਗ ’ਚ ਭਾਜਪਾ ਖ਼ਿਲਾਫ਼ ਮੁਜ਼ਾਹਰਾ
ਦਿੱਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰਾਂ ਨੇ ਕਾਲੇ ਮਾਸਕ ਪਾ ਕੇ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਵਧਣ ’ਤੇ ਰੋਸ ਵਜੋਂ ਮੁਜ਼ਾਹਰਾ ਕੀਤਾ ਅਤੇ ਮੇਅਰ ਦੇ ਅਸਤੀਫ਼ੇ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਮੀਟਿੰਗ ਦੀ ਸ਼ੁਰੂਆਤ ਵਿੱਚ ਬੰਬ ਧਮਾਕੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ ਕਈ ਮੁੱਦਿਆਂ ’ਤੇ ਚਰਚਾ ਹੋਈ। ਮੇਅਰ ਰਾਜਾ ਇਕਬਾਲ ਸਿੰਘ ਨੇ ਕਿਹਾ ਕਿ ਨਗਰ ਨਿਗਮ ਦੀ ਜਨਰਲ ਬਾਡੀ ਮੀਟਿੰਗ ਵਿੱਚ ਸ਼ਹਿਰ ਦੇ ਵਸਨੀਕਾਂ ਦੇ ਹਿੱਤ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਮੇਅਰ ਨੇ ਦੱਸਿਆ ਕਿ ਕਾਰਪੋਰੇਸ਼ਨ ਨੇ 1 ਅਪਰੈਲ 2010 ਤੋਂ 31 ਮਾਰਚ 2015 ਦੇ ਵਿਚਕਾਰ ਤਰਸ ਦੇ ਆਧਾਰ ’ਤੇ ਨਿਯੁਕਤ ਕੀਤੇ ਗਏ ਸਾਰੇ ਦਿਹਾੜੀਦਾਰ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਮਤਾ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਐਮ.ਸੀ.ਡੀ. ਆਪਣੇ ਸਫਾਈ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸ ਮਗਰੋਂ ਮੁਜ਼ਾਹਰਾ ਕਰਦਿਆਂ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਅੰਕੁਸ਼ ਨਾਰੰਗ ਨੇ ਕਿਹਾ ਕਿ ਭਾਜਪਾ ਦੀ ਚਾਰ ਇੰਜਣਾਂ ਵਾਲੀ ਸਰਕਾਰ ਦੇ ਬਾਵਜੂਦ, ਰਾਜਧਾਨੀ ਦੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਤੇ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ। ਜ਼ਹਿਰੀਲੀ ਹਵਾ ਕਾਰਨ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਰਹੇ ਹਨ, ਫਿਰ ਵੀ ਭਾਜਪਾ ਸਰਕਾਰ ਅਤੇ ਐੱਮ ਸੀ ਡੀ ਪ੍ਰਸ਼ਾਸਨ ਨੇ ਚੁੱਪੀ ਧਾਰੀ ਹੋਈ ਹੈ। ਕੌਂਸਲਰਾਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਸਦਨ ਵਿੱਚ ਇਸ ਗੰਭੀਰ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ ਤਾਂ ਭਾਜਪਾ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਜਨਤਕ ਸਵਾਲਾਂ ਤੋਂ ਬਚਣਾ ਅਤੇ ਸਦਨ ਨੂੰ ਮੁਲਤਵੀ ਕਰਕੇ ਭੱਜਣਾ ਚੁਣਿਆ। ਦਿੱਲੀ ਦੇ ਲੋਕ ਹੁਣ ਭਾਜਪਾ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਮੇਅਰ ਦੇ ਮੇਜ਼ ’ਤੇ ਚੜ੍ਹ ਗਏ। ਉਨ੍ਹਾਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ਭਾਜਪਾ ਦੀ ਚਾਰ ਇੰਜਣ ਦੀ ਸਰਕਾਰ ਏ ਕਿਊ ਆਈ 400 ਦੇ ਪਾਰ ਦੇ ਨਾਅਰੇ ਲਿਖੇ ਹੋਏ ਸਨ। ਇਸ ਦੌਰਾਨ ਉਨ੍ਹਾਂ ਦਿੱਲੀ ਨਗਰ ਨਿਗਮ ਦੀ ਸੱਤਾਧਾਰੀ ਭਾਜਪਾ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਏ ਕਿਊ ਆਈ ਪੱਧਰ 700 ਤੱਕ ਪਹੁੰਚ ਗਿਆ ਹੈ ਅਤੇ ਇਸ ਵੇਲੇ ਲਗਾਤਾਰ 400 ਤੋਂ ਉੱਪਰ ਹੈ। ਹਰ ਚਾਰ ਪਰਿਵਾਰਾਂ ਵਿੱਚੋਂ ਤਿੰਨ ਬਿਮਾਰ ਹਨ। ਖੰਘ, ਜ਼ੁਕਾਮ, ਵਾਇਰਲ ਬੁਖਾਰ, ਢਿੱਡ ਦਰਦ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਤਿਮਾਰਪੁਰ ਵਰਗੇ ਖੇਤਰਾਂ ਵਿੱਚ, ਏ ਕਿਊ ਆਈ ਲਗਾਤਾਰ 700 ਤੋਂ ਵੱਧ ਜਾਂਦਾ ਹੈ। ਇਹ ਉਹੀ ਵਾਰਡ ਹੈ ਜਿੱਥੋਂ ਮੇਅਰ ਰਾਜਾ ਇਕਬਾਲ ਸਿੰਘ ਆਉਂਦੇ ਹਨ। ਪ੍ਰਦਰਸ਼ਨਕਾਰੀਆਂ ਮੁਤਾਬਕ ਕਿਹਾ ਕਿ ਦਿੱਲੀ ਦੀ ਚਾਰ ਇੰਜਣਾਂ ਵਾਲੀ ਭਾਜਪਾ ਸਰਕਾਰ ਕੋਲ ਪ੍ਰਦੂਸ਼ਣ ਨੂੰ ਰੋਕਣ ਜਾਂ ਕੰਟਰੋਲ ਕਰਨ ਲਈ ਕੋਈ ਠੋਸ ਉਪਾਅ ਨਹੀਂ ਹਨ।
