DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

’ਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ‘ਸਾਹਿਤ ਸੰਵਾਦ: ਚਿੰਤਕ ਲੜੀ’ ਤਹਿਤ ਪ੍ਰੋਗਰਾਮ

ਸਿਗਮੰਡ ਫਰਾਇਡ, ਕਾਰਲ ਜੁੰਗ ਬਾਰੇ ਖੋਜ ਪੱਤਰ ਪੇਸ਼

  • fb
  • twitter
  • whatsapp
  • whatsapp
featured-img featured-img
ਖੋਜਾਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰੋ. ਕੁਲਵੀਰ ਗੋਜਰਾ, ਪ੍ਰੋ. ਬਲਜਿੰਦਰ ਨਸਰਾਲੀ, ਪ੍ਰੋ, ਜਸਪਾਲ ਕੌਰ, ਡਾ. ਯਾਦਵਿੰਦਰ ਸਿੰਘ, ਡਾ. ਨਛੱਤਰ ਸਿੰਘ ਤੇ ਹੋਰ। -ਫੋਟੋ: ਕੁਲਦੀਪ ਸਿੰਘ
Advertisement

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਮਹੀਨਾਵਾਰ ‘ਸਾਹਿਤ ਸੰਵਾਦ: ਚਿੰਤਕ ਲੜੀ’ ਤਹਿਤ ਕਰਵਾਏ ਪ੍ਰੋਗਰਾਮ ’ਚ ਵਿਭਾਗ ਦੇ ਖੋਜਾਰਥੀਆਂ ਨੇ ਮਨੋਵਿਸ਼ਲੇਸ਼ਣ ਨਾਲ ਸਬੰਧਤ ਤਿੰਨ ਚਿੰਤਕਾਂ ਬਾਰੇ ਖੋਜ-ਪੱਤਰ ਪੇਸ਼ ਕੀਤੇ। ਸ਼ੁਰੂ ’ਚ ਪ੍ਰੋਗਰਾਮ-ਕੋਆਰਡੀਨੇਟਰ ਪ੍ਰੋ. ਰਵਿੰਦਰ ਸਿੰਘ ਨੇ ਸਿਗਮੰਡ ਫਰਾਇਡ, ਕਾਰਲ ਜੁੰਗ ਤੇ ਯੱਕ ਲਾਕਾਂ ਬਾਰੇ ਮੁੱਢਲੀ ਜਾਣ-ਪਛਾਣ ਕਰਵਾਈ। ਉਪਰੰਤ ਤਿੰਨਾਂ ਖੋਜਾਰਥੀਆਂ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ। ਪਹਿਲਾ ਖੋਜ-ਪੱਤਰ ਵਿਭਾਗ ਦੀ ਖੋਜਾਰਥਣ ਗਗਨਦੀਪ ਕੌਰ ਨੇ ਸਿਗਮੰਡ ਫ਼ਰਾਇਡ ਦੇ ਸੁਫਨਿਆਂ ਦੇ ਮਨੋਵਿਸ਼ਲੇਸ਼ਣ ਬਾਰੇ ਪੇਸ਼ ਕਰਦਿਆਂ ਦੱਸਿਆ ਕਿ ਫ਼ਰਾਇਡ ਅਚੇਤਨ ਨੂੰ ਆਧਾਰ ਬਣਾ ਕੇ ਸੁਫਨਿਆਂ ਦਾ ਵਿਸ਼ਲੇਸ਼ਣ ਕੀਤਾ। ਫ਼ਰਾਇਡ ਦਾ ਮੱਤ ਸੀ ਕਿ ਸੁਫਨੇ ਸਾਡੇ ਅਚੇਤਨ ਵਿੱਚ ਦਮਿਤ ਕਾਮਨਾਵਾਂ ਦਾ ਪ੍ਰਗਟਾਵਾ ਹੁੰਦੇ ਹਨ। ਗਗਨਦੀਪ ਨੇ ਫ਼ਰਾਇਡ ਦੇ ਅਧਿਐਨ ਦੀਆਂ ਸੀਮਾਵਾਂ ਤੋਂ ਵੀ ਜਾਣੂ ਕਰਵਾਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਖੋਜਾਰਥਣ ਮਨਦੀਪ ਕੌਰ ਨੇ ਆਪਣੇ ਖੋਜ-ਪੱਤਰ ’ਚ ਦੱਸਿਆ ਕਿ ਆਮ ਕਰਕੇ ਫ਼ਰਾਇਡ ਨੂੰ ਮੁੱਖ ਚਿੰਤਕ ਮੰਨਿਆ ਜਾਂਦਾ ਹੈ ਤੇ ਕਾਰਲ ਜੁੰਗ ਨੂੰ ਉਸ ਦੇ ਸਹਾਇਕ ਚਿੰਤਕ ਵਜੋਂ ਪੇਸ਼ ਕੀਤਾ ਜਾਂਦਾ ਹੈ। ਮਨਦੀਪ ਨੇ ਦੱਸਿਆ ਕਿ ਕਾਰਲ ਜੁੰਗ ਨੇ ਵਿਸ਼ਲੇਸ਼ਕੀ ਮਨੋਵਿਗਿਆਨ ਦੀ ਨੀਂਹ ਰੱਖੀ। ਕਾਰਲ ਜੁੰਗ ਨੇ ਵਿਅਕਤੀਗਤ ਅਵਚੇਤਨ ਦੇ ਨਾਲ ਸਮੂਹਕ ਅਵਚੇਤਨ ਦੇ ਸੰਕਲਪ ਨੂੰ ਪ੍ਰਮੁੱਖ ਤੌਰ ’ਤੇ ਪੇਸ਼ ਕੀਤਾ। ਇਸ ਤੋਂ ਇਲਾਵਾ ਮਨਦੀਪ ਕੌਰ ਨੇ ਕਾਰਲ ਜੁੰਗ ਦੇ ਦੂਸਰੇ ਮੂਲ ਸਿਧਾਂਤਾਂ ਨੂੰ ਵੀ ਸਪਸ਼ਟਤਾ ਨਾਲ ਪੇਸ਼ ਕੀਤਾ। ਆਖ਼ਰੀ ਖੋਜ-ਪੱਤਰ ’ਚ ਨੀਸ਼ਾ ਰਾਣੀ ਨੇ ਦੱਸਿਆ ਕਿ ਲਾਕਾਂ ਨੇ ਫ਼ਰਾਇਡ ਦੇ ਸਿਧਾਤਾਂ ਨੂੰ ਨਵਾਂ ਵਿਸਤਾਰ ਦਿੱਤਾ। ਲਾਕਾਂ ਨੇ ਸਮਝਾਇਆ ਮਨੁੱਖੀ ਅਵਚੇਤਨ ਵੀ ਭਾਸ਼ਾ ਵਾਂਗ ਸੰਰਚਨਿਤ ਹੁੰਦਾ ਹੈ। ਮਨੁੱਖ ਦਾ ਭਾਸ਼ਾ ਵਿੱਚ ਪ੍ਰਵੇਸ਼ ਉਸ ਦੀ ਈਗੋ ਨਿਰਮਾਣਕਾਰੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਨੀਸ਼ਾ ਰਾਣੀ ਨੇ ਲਾਕਾਂ ਦੇ ਵੱਖ-ਵੱਖ ਸਿਧਾਂਤਾਂ ਨੂੰ ਨਿਖੇੜ ਕੇ ਸਮਝਾਇਆ। ਅੰਤ ਵਿੱਚ ਵਿਭਾਗ-ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਾਰਿਆਂ ਦਾ ਰਸਮੀ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਦੀ ਕੋਸ਼ਿਸ਼ ਰਹਿੰਦੀ ਹੈ ਸਾਹਿਤ ਸੰਵਾਦ ਵਿੱਚ ਦੂਜੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਜੋੜ ਕੇ ਪੰਜਾਬੀ ਖੋਜਾਰਥੀਆਂ ਦਾ ਇੱਕ ਸਾਂਝਾ ਮੰਚ ਤਿਆਰ ਕੀਤਾ ਜਾਏ। ਇਸ ਮੌਕੇ ਪ੍ਰੋ. ਜਸਪਾਲ ਕੌਰ, ਪ੍ਰੋ. ਰਵਿੰਦਰ ਕੁਮਾਰ, ਪ੍ਰੋ. ਬਲਜਿੰਦਰ ਨਸਰਾਲੀ, ਡਾ. ਰਜਨੀ ਬਾਲਾ, ਡਾ. ਨਛੱਤਰ ਸਿੰਘ, ਡਾ. ਸੋਹਨ ਸਿੰਘ, ਡਾ. ਯਾਦਵਿੰਦਰ ਸਿੰਘ ਤੇ ਡਾ. ਰੰਜੂ ਬਾਲਾ ਤੋਂ ਇਲਾਵਾ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ਵੀ ਹਾਜ਼ਰੀ ਭਰੀ।

Advertisement
Advertisement
×