ਰਾਸ਼ਟਰਪਤੀ ਵੱਲੋਂ ਔਰਤਾਂ ਲਈ ਚਾਰ ਯੋਜਨਾਵਾਂ ਦਾ ਆਗਾਜ਼
ਦਿੱਲੀ ਦੀਆਂ ਮਹਿਲਾਵਾਂ ਨੂੰ ਹੋਲੀ ਦਾ ਤੋਹਫ਼ਾ; ‘ਮੇਰੀ ਪੂੰਜੀ ਮੇਰਾ ਅਧਿਕਾਰ’ ਤਹਿਤ ਲਾਭਪਾਤਰੀਆਂ ਨੂੰ ਚੈੱਕ ਵੰਡੇ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੰਦਰਾ ਗਾਂਧੀ ਸਟੇਡੀਅਮ ਵਿੱਚ ਦਿੱਲੀ ਸਰਕਾਰ ਦੀਆਂ ਚਾਰ ਅਹਿਮ ਯੋਜਨਾਵਾਂ ਦਾ ਸ਼ਾਨਦਾਰ ਆਗਾਜ਼ ਕੀਤਾ। ਇਹ ਯੋਜਨਾਵਾਂ ਵਿਸ਼ੇਸ਼ ਤੌਰ ’ਤੇ ਔਰਤਾਂ ਅਤੇ ਧੀਆਂ ਨੂੰ ਸਮਰਪਿਤ ਹਨ, ਜਿਨ੍ਹਾਂ ਨੂੰ ਹੋਲੀ ਦਾ ਤੋਹਫ਼ਾ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ‘ਸਹੇਲੀ ਪਿੰਕ ਸਮਾਰਟ ਕਾਰਡ’, ‘ਮੁਫ਼ਤ ਐੱਲ ਪੀ ਜੀ ਸਿਲੰਡਰ ਯੋਜਨਾ’, ‘ਦਿੱਲੀ ਲਖਪਤੀ ਬੇਟੀ ਯੋਜਨਾ’ ਅਤੇ ‘ਮੇਰੀ ਪੂੰਜੀ ਮੇਰਾ ਅਧਿਕਾਰ’ ਯੋਜਨਾ ਸ਼ਾਮਲ ਹੈ। ਇਸ ਮੌਕੇ ਰਾਸ਼ਟਰਪਤੀ ਨੇ ਸੋਨਲ, ਸੀਮਾ, ਕਿਰਨ, ਈਸ਼ਾ ਅਤੇ ਵੰਦਨਾ ਵਰਗੀਆਂ ਲਾਭਪਾਤਰੀਆਂ ਨੂੰ ‘ਮੇਰੀ ਪੂੰਜੀ ਮੇਰਾ ਅਧਿਕਾਰ’ ਤਹਿਤ ਚੈੱਕ ਵੀ ਵੰਡੇ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਨਾਰੀ ਵੰਦਨ’ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਇਹ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਭਾਜਪਾ ਸਰਕਾਰ ਦੇ ਇੱਕ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ‘ਸਸ਼ਕਤ ਔਰਤਾਂ, ਖੁਸ਼ਹਾਲ ਦਿੱਲੀ’ ਦੇ ਬੈਨਰ ਹੇਠ ਕਰਵਾਇਆ ਗਿਆ।
ਸਭ ਤੋਂ ਪਹਿਲੀ ਯੋਜਨਾ ਤਹਿਤ ਔਰਤਾਂ ਲਈ ‘ਸਹੇਲੀ ਪਿੰਕ ਸਮਾਰਟ ਕਾਰਡ’ ਜਾਰੀ ਕੀਤਾ ਗਿਆ ਹੈ। ਇਸ ਕਾਰਡ ਰਾਹੀਂ ਦਿੱਲੀ ਦੀਆਂ ਔਰਤਾਂ ਡੀ ਟੀ ਸੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੀਆਂ। ਖਾਸ ਗੱਲ ਇਹ ਹੈ ਕਿ ਇਹ ਕਾਰਡ ਮੈਟਰੋ ਅਤੇ ਹੋਰ ਜਨਤਕ ਸਾਧਨਾਂ ’ਤੇ ਵੀ ਭੁਗਤਾਨ ਲਈ ਵਰਤਿਆ ਜਾ ਸਕੇਗਾ। ਇਸ ਦਾ ਸਾਰਾ ਖਰਚਾ ਦਿੱਲੀ ਸਰਕਾਰ ਚੁੱਕੇਗੀ। ਦੂਜੀ ਯੋਜਨਾ ‘ਦਿੱਲੀ ਲਖਪਤੀ ਬੇਟੀ ਯੋਜਨਾ’ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਧੀ ਦੇ ਜਨਮ ’ਤੇ 11,000 ਦੀ ਬਜਾਏ ਵੱਖ-ਵੱਖ ਕਿਸ਼ਤਾਂ ਵਿੱਚ ਕੁੱਲ 56,000 ਰੁਪਏ ਜਮ੍ਹਾਂ ਕੀਤੇ ਜਾਣਗੇ, ਜੋ ਕਿ 21 ਸਾਲ ਦੀ ਉਮਰ ਤੱਕ ਵਿਆਜ ਸਮੇਤ 1 ਲੱਖ ਤੋਂ ਵੱਧ ਹੋ ਜਾਣਗੇ।
ਤੀਜੀ ਯੋਜਨਾ ਤਹਿਤ ਦਿੱਲੀ ਦੇ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸਾਲ ਵਿੱਚ ਦੋ ਮੁਫ਼ਤ ਐੱਲ ਪੀ ਜੀ ਸਿਲੰਡਰ (ਹੋਲੀ ਅਤੇ ਦੀਵਾਲੀ ਮੌਕੇ) ਦਿੱਤੇ ਜਾਣਗੇ। ਸਿਲੰਡਰ ਦੀ ਰਕਮ ਪਰਿਵਾਰ ਦੇ ਮੁਖੀ ਦੇ ਖਾਤੇ ਵਿੱਚ ਸਿੱਧੀ ਜਮ੍ਹਾਂ ਹੋਵੇਗੀ, ਜਿਸ ਦਾ ਫਾਇਦਾ 15 ਲੱਖ ਪਰਿਵਾਰਾਂ ਨੂੰ ਮਿਲੇਗਾ। ਚੌਥੀ ਯੋਜਨਾ ‘ਮੇਰੀ ਪੂੰਜੀ, ਮੇਰਾ ਹੱਕ’ ਤਹਿਤ ਪੁਰਾਣੀ ਲਾਡਲੀ ਯੋਜਨਾ ਦੇ 40,642 ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਕਾਇਆ 100.25 ਕਰੋੜ ਰੁਪਏ ਜਾਰੀ ਕੀਤਾ ਗਿਆ ਹੈ। ਇਸ ਮੌਕੇ ਉਪ ਰਾਜਪਾਲ ਵੀ ਕੇ ਸਕਸੈਨਾ, ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਅਤੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

