ਪ੍ਰਦੂਸ਼ਣ ਨਾਲ ਨਜਿੱਠਣ ਲਈ ਯੋਜਨਾ ਬਣਾਉਣ ਦੀ ਤਿਆਰੀ

ਪ੍ਰਦੂਸ਼ਣ ਨਾਲ ਨਜਿੱਠਣ ਲਈ ਯੋਜਨਾ ਬਣਾਉਣ ਦੀ ਤਿਆਰੀ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਸਤੰਬਰ

ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਆਪਣੇ ਵਿਭਾਗ ਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨੂੰ 21 ਸਤੰਬਰ ਤੱਕ ਸਰਦੀਆਂ ਵਿੱਚ ਪ੍ਰਦੂਸ਼ਣ ਦੇ ਪੱਧਰ ਨਾਲ ਨਜਿੱਠਣ ਲਈ ਇੱਕ ਕਾਰਜ ਯੋਜਨਾ ਸਬੰਧੀ ਰਿਪੋਰਟ ਸੌਂਪਣ ਲਈ ਆਖਿਆ ਹੈ। ਮੰਤਰੀ ਨੇ ਉਨ੍ਹਾਂ ਨੂੰ ਸਰਦੀਆਂ ਵਿਚ ਹਵਾ ਦੀ ਮਾੜੀ ਹਾਲਤ ਦੇ ਕਾਰਨ ਦੱਸਣ ਲਈ ਕਿਹਾ ਤੇ ਉਹ ਇਸ ਸਬੰਧੀ ਕਾਰਜ ਯੋਜਨਾ ਤਿਆਰ ਕਰਨ।

ਇੱਕ ਅਧਿਕਾਰੀ ਨੇ ਕਿਹਾ ਕਿ ਸਰਦੀਆਂ ਵਿਚ ਦਿੱਲੀ ਦੀ ਹਵਾ ਦੀ ਮਾੜੀ ਹਾਲਤ ਦਾ ਕਾਰਨ ਪਰਾਲੀ ਸਾੜਨ, ਸੜਕਾਂ ਦੀ ਧੂੜ, ਉਸਾਰੀ ਦੀਆਂ ਗਤੀਵਿਧੀਆਂ, ਕੂੜੇ ਨੂੰ ਸਾੜਨਾ, ਸਨਅਤੀ ਤੇ ਗੱਡੀਆਂ ਦੇ ਧੂੰਏਂ ਨੂੰ ਪ੍ਰਦੂਸ਼ਣ ਦਾ ਕਾਰਨ ਮੰਨਿਆ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਹਰ ਸਮੱਸਿਆ ਲਈ ਇਕ ਵਿਸ਼ੇਸ਼ ਯੋਜਨਾ ਹੋਣੀ ਚਾਹੀਦੀ, ਜੋ 21 ਸਤੰਬਰ ਤਕ ਜਮ੍ਹਾਂ ਕਰਨੀ ਪਵੇਗੀ। ਸ੍ਰੀ ਰਾਏ ਨੇ ਬਾਇਓ-ਮੈਡੀਕਲ ਰਹਿੰਦ-ਖੂੰਹਦ ਦੇ ਨਿਪਟਾਰੇ ਤੇ ਅਧਿਕਾਰੀਆਂ ਨਾਲ ਪ੍ਰਦੂਸ਼ਣ ਨਾਲ ਸਬੰਧਤ ਸ਼ਿਕਾਇਤਾਂ ਦੇ ਹੱਲ ਲਈ ਤਰੀਕਿਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਨਾਲ ਪਿਛਲੇ ਸਾਲ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਮਹੱਤਵਪੂਰਣ ਹਿੱਸਾ ਪਾਇਆ, ਨਵੰਬਰ ਵਿੱਚ ਖੇਤਾਂ ਵਿੱਚ ਅੱਗ ਦੇ ਧੂੰਏਂ ਦੀ ਹਿੱਸੇਦਾਰੀ 44 ਫ਼ੀਸਦ ਹੋ ਗਈ ਸੀ। ਪਿਛਲੇ ਸਾਲ ਪੰਜਾਬ ਨੇ ਲਗਪਗ 20 ਮਿਲੀਅਨ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਕੀਤਾ ਸੀ ਤੇ 9.8 ਮਿਲੀਅਨ ਟਨ ਪਰਾਨੀ ਨੂੰ ਸਾੜ ਦਿੱਤਾ ਸੀ। ਇਸੇ ਤਰ੍ਹਾਂ, ਪਿਛਲੇ ਸਾਲ ਹਰਿਆਣਾ ਵਿਚ 7 ਮਿਲੀਅਨ ਟਨ ਝੋਨੇ ਦੀ ਰਹਿੰਦ ਖੂੰਹਦ ਦਾ ਉਤਪਾਦਨ ਹੋਇਆ ਸੀ, ਜਿਸ ਵਿਚੋਂ 1.23 ਮਿਲੀਅਨ ਟਨ ਸਾੜਿਆ ਗਿਆ ਸੀ। 15 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਝੋਨੇ ਦੀ ਵਢਾਈ ਦੇ ਸੀਜ਼ਨ ਦੌਰਾਨ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਪਰਾਲੀ ਸਾੜੀ ਜਾਂਦੀ ਹੈ। ਪਰਾਲੀ ਦਾ ਧੂੰਆਂ ਦਿੱਲੀ ਤੇ ਐਨਸੀਆਰ ਦੀ ਆਵੋ-ਹਵਾ ਘੁਲ਼ ਜਾਂਦਾ ਹੈ। ਕਣਕ ਤੇ ਆਲੂ ਦੀ ਕਾਸ਼ਤ ਤੋਂ ਪਹਿਲਾਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜਲਦੀ ਖਤਮ ਕਰਨ ਲਈ ਕਿਸਾਨ ਆਪਣੇ ਖੇਤਾਂ ਨੂੰ ਅੱਗ ਲਗਾ ਦਿੰਦੇ ਹਨ। ਇਹ ਦਿੱਲੀ-ਐੱਨ.ਸੀ.ਆਰ. ਵਿਚ ਪ੍ਰਦੂਸ਼ਣ ਫੈਲਣ ਵਾਲੀ ਚਿੰਤਾ ਦਾ ਇਕ ਮੁੱਖ ਕਾਰਨ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All