ਪ੍ਰਦੂਸ਼ਣ: ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ

ਦਿੱਲੀ-ਐੱਨਸੀਆਰ ਵਿੱਚ ‘ਗੰਭੀਰ ਪ੍ਰਦੂਸ਼ਣ ਸਥਿਤੀ’ ਦਾ ਜੁਆਬ ਨਾ ਦੇਣ ਦਾ ਦੋਸ਼

ਪ੍ਰਦੂਸ਼ਣ: ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ

ਨਵੀਂ ਦਿੱਲੀ ਵਿੱਚ ਸ਼ੁੱਕਰਵਾਰ ਦੀ ਸਵੇਰ ਨੂੰ ਪ੍ਰਦੂਸ਼ਣ ਕਾਰਨ ਫੈਲੀ ਸੰਘਣੀ ਧੁੰਦ ਵਿੱਚੋਂ ਗੁਜ਼ਰਦੇ ਹੋਏ ਵਾਹਨ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 3 ਦਸੰਬਰ

ਹਵਾ ਪ੍ਰਦੂਸ਼ਣ ਦੀ ਸਥਿਤੀ ’ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ’ਤੇ ਦਿੱਲੀ ਵਿੱਚ ਸਕੂਲ ਮੁੜ ਖੋਲ੍ਹਣ ਦੀ ਜਲਦਬਾਜ਼ੀ ਤੋਂ ਬਾਅਦ, ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ੁੱਕਰਵਾਰ ਨੂੰ ਕੇਂਦਰ ’ਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ। ਦਿੱਲੀ ਦੀ ‘ਆਪ’ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਦਿੱਲੀ-ਐੱਨਸੀਆਰ ਵਿੱਚ ‘ਗੰਭੀਰ ਪ੍ਰਦੂਸ਼ਣ ਸਥਿਤੀ’ ਦਾ ਜੁਆਬ ਨਾ ਦੇਣ ਦਾ ਦੋਸ਼ ਲਗਾਇਆ ਹੈ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੂੰ ਇੱਕ ਤਾਜ਼ਾ ਪੱਤਰ ਲਿਖ ਕੇ ਕੇਂਦਰ ਨੂੰ ਪ੍ਰਦੂਸ਼ਣ ਦੀ ਸਥਿਤੀ ਨਾਲ ਨਜਿੱਠਣ ਲਈ ਇੱਕ ਏਕੀਕ੍ਰਿਤ ਰਣਨੀਤੀ ਬਣਾਉਣ ਲਈ ਐੱਨਸੀਆਰ ਰਾਜਾਂ ਦੇ ਵਾਤਾਵਰਨ ਮੰਤਰੀਆਂ ਦੀ ਮੀਟਿੰਗ ਬੁਲਾਉਣ ਦੀ ਅਪੀਲ ਕੀਤੀ ਹੈ। ਗੋਪਾਲ ਰਾਏ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਵਾਤਾਵਰਨ ਮੰਤਰੀ ਨੂੰ ਤੀਜਾ ਪੱਤਰ ਲਿਖ ਕੇ ਮਾਹਿਰਾਂ ਦੇ ਨਾਲ ਐੱਨਸੀਆਰ ਰਾਜਾਂ ਦੇ ਵਾਤਾਵਰਨ ਮੰਤਰੀਆਂ ਦੀ ਸਾਂਝੀ ਮੀਟਿੰਗ ਦੀ ਮੰਗ ਕੀਤੀ ਹੈ। ਭੁਪੇਂਦਰ ਯਾਦਵ ਨੂੰ ਲਿਖੇ ਆਪਣੇ ਪੱਤਰ ’ਚ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸ਼ਹਿਰ ’ਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ ਪਰ ਕੋਈ ਸਕਾਰਾਤਮਕ ਸੁਧਾਰ ਨਹੀਂ ਦੇਖਿਆ ਜਾ ਰਿਹਾ ਹੈ। ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਤੇ ਐੱਨਸੀਆਰ ਸ਼ਹਿਰਾਂ ’ਚ ਪ੍ਰਦੂਸ਼ਣ ਸੰਕਟ ਨਾਲ ਲੜਨ ਲਈ ਮਾਹਿਰਾਂ ਦੇ ਸੁਝਾਵਾਂ ਦੇ ਆਧਾਰ ’ਤੇ ਸਾਂਝੀ ਕਾਰਜ ਯੋਜਨਾ ਦੀ ਲੋੜ ਹੈ। ਗੋਪਾਲ ਰਾਏ ਨੇ ਕਿਹਾ, ‘ਅਸੀਂ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਣ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ ਸਕੂਲ ਦੁਬਾਰਾ ਖੋਲ੍ਹੇ ਸਨ। ਹਾਲਾਂਕਿ ਹਵਾ ਪ੍ਰਦੂਸ਼ਣ ਦਾ ਪੱਧਰ ਫਿਰ ਵਧ ਗਿਆ ਹੈ ਤੇ ਅਸੀਂ ਸ਼ੁੱਕਰਵਾਰ ਤੋਂ ਅਗਲੇ ਹੁਕਮਾਂ ਤੱਕ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।’ ਇਹ ਯਕੀਨੀ ਬਣਾਉਣ ਲਈ ਕਿ ਦਿੱਲੀ ’ਚ ਪ੍ਰਦੂਸ਼ਣ ਨੂੰ ਰੋਕਣ ਲਈ ਇਸਦੇ ਸਾਰੇ ਰੋਕਥਾਮ ਉਪਾਵਾਂ ਦੀ ਪਾਲਣਾ ਕੀਤੀ ਜਾਂਦੀ ਹੈ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਦਿੱਲੀ ਤੇ ਇਸਦੇ ਗੁਆਂਢੀ ਰਾਜਾਂ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਹੈ। ਵੀਰਵਾਰ ਨੂੰ ਜਾਰੀ ਆਦੇਸ਼ ’ਚ ਜ਼ਿਕਰ ਕੀਤਾ ਗਿਆ ਹੈ, ‘ਇਹ ਦੇਖਿਆ ਗਿਆ ਹੈ ਕਿ ਕਮਿਸ਼ਨ ਦੁਆਰਾ ਜਾਰੀ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ, ਆਦੇਸ਼ਾਂ ਤੇ ਹਦਾਇਤਾਂ ਨੂੰ ਲਾਗੂ ਕਰਨ ਅਤੇ ਪਾਲਣਾ ਕਰਨ ਲਈ ਬਹੁਤ ਕੁਝ ਲੋੜੀਂਦਾ ਹੈ ਤੇ ਗੈਰ-ਪਾਲਣਾ ਦੀ ਰਿਪੋਰਟ ਹੈ ਤੇ ਹੋਰ ਯੋਜਨਾਬੱਧ ਰੋਕਥਾਮ ਉਪਾਅ ਕਰਨ, ਅਤਿਅੰਤ ਐਮਰਜੈਂਸੀ ਤੇ ਭਰਪੂਰ ਸਾਵਧਾਨੀ, ਹਵਾ ਦੀ ਗੁਣਵੱਤਾ ਨੂੰ ਹੋਰ ਵਿਗੜਣ ਤੋਂ ਰੋਕਣ ਲਈ ਦੀ ਤੁਰੰਤ ਲੋੜ ਹੈ’ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਿੰਨ-ਤਿੰਨ ਤਕਨੀਕੀ ਪ੍ਰਤੀਨਿਧੀ ਹਰਿਆਣਾ ਤੇ ਦਿੱਲੀ, ਦੋ ਉੱਤਰ ਪ੍ਰਦੇਸ਼ ਤੇ ਇੱਕ ਰਾਜਸਥਾਨ ਵਿੱਚ ਨਿਯੁਕਤ ਕੀਤੇ ਗਏ ਹਨ। ਹਰਿਆਣਾ ਸਰਕਾਰ ਨੇ ਹਵਾ ਪ੍ਰਦੂਸ਼ਣ ਕਾਰਨ ਦਿੱਲੀ ਨਾਲ ਲੱਗਦੇ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਅਤੇ ਝੱਜਰ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਰਾਜ ਦੇ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਕਾਰ ਦੁਆਰਾ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਗੈਰ-ਪ੍ਰਦੂਸ਼ਣ ਵਾਲੀਆਂ ਗਤੀਵਿਧੀਆਂ ਜਿਵੇਂ ਕਿ ਪਲੰਬਰਿੰਗ, ਅੰਦਰੂਨੀ ਸਜਾਵਟ, ਇਲੈਕਟ੍ਰੀਕਲ ਕੰਮ ਤੇ ਤਰਖਾਣ ਨੂੰ ਛੱਡ ਕੇ ਸਾਰੀਆਂ ਉਸਾਰੀ ਗਤੀਵਿਧੀਆਂ ’ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਹੈ। ਦਿੱਲੀ-ਐਨਸੀਆਰ ਵਿੱਚ ਵਿਗੜ ਰਹੀ ਹਵਾ ਦੀ ਗੁਣਵੱਤਾ ਦੇ ਮੱਦੇਨਜ਼ਰ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਚਾਰ ਐਨਸੀਆਰ ਜ਼ਿਲ੍ਹਿਆਂ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਤੇ ਝੱਜਰ ਵਿੱਚ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।

ਪੰਦਰਾਂ ਸਾਲ ਤੋਂ ਵੱਧ ਪੁਰਾਣੇ ਵਾਹਨ ਜ਼ਬਤ ਕਰਨ ਦੇ ਹੁਕਮ

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ‘ਬਹੁਤ ਖਰਾਬ’ ਹਵਾ ਦੀ ਗੁਣਵੱਤਾ ਦਾ ਸਾਹਮਣਾ ਕਰਦੇ ਹੋਏ ਦਿੱਲੀ ਸਰਕਾਰ ਨੇ ਇੱਕ ਆਦੇਸ਼ ਪਾਸ ਕੀਤਾ ਹੈ ਜਿਸਦੇ ਤਹਿਤ 15 ਸਾਲ ਤੋਂ ਪੁਰਾਣੇ ਵਾਹਨਾਂ (ਪੈਟਰੋਲ ਜਾਂ ਡੀਜ਼ਲ) ਨੂੰ ਰੱਦ ਕਰ ਦਿੱਤਾ ਜਾਵੇਗਾ। ਨਵੀਨਤਮ ਆਰਡਰ ਇਨ੍ਹਾਂਂ ਵਾਹਨਾਂ ਨੂੰ ਖਤਮ ਕਰਨ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਅਨੁਸਾਰ ਜੇਕਰ ਕੋਈ 15 ਸਾਲ ਤੋਂ ਵੱਧ ਪੁਰਾਣਾ ਵਾਹਨ ਸੜਕ ’ਤੇ ਖੜ੍ਹਾ ਜਾਂ ਚਲਦਾ ਪਾਇਆ ਜਾਂਦਾ ਹੈ ਤਾਂ ਅਧਿਕਾਰੀਆਂ ਨੂੰ ਵਾਹਨ ਨੂੰ ਕਬਾੜੀਏ ਦੇ ਯਾਰਡ ਵਿੱਚ ਭੇਜਣ ਦਾ ਅਧਿਕਾਰ ਹੋਵੇਗਾ। ਅਧਿਕਾਰਤ ਕਬਾੜੀਏ ਦੇ ਯਾਰਡ ਵਾਹਨ ਲਈ ਉਚਿਤ ਮੁੱਲ ਦੇਵੇਗਾ ਤੇ ਪ੍ਰਭਾਵਿਤ ਮਾਲਕ ਨੂੰ ਅੱਗੇ ਭੁਗਤਾਨ ਕਰੇਗਾ। ਕਬਾੜੀਆ ਉਪਲਬਧ ਨਾ ਹੋਣ ਦੀ ਸਥਿਤੀ ਵਿੱਚ ਸਥਾਨਕ ਪੁਲੀਸ ਟੀਮ ਕੋਲ ਵਾਹਨ ਨੂੰ ਸਟੇਸ਼ਨ ਵਿੱਚ ਲੈ ਜਾਣ ਦਾ ਅਧਿਕਾਰ ਹੋਵੇਗਾ, ਜਿੱਥੋਂ ਕਬਾੜੀਆ ਇਸਨੂੰ ਚੁੱਕ ਕੇ ਲੈ ਜਾਵੇਗਾ। ਜੇਕਰ ਵਾਹਨ ਮਾਲਕ ਤੇ ਅਧਿਕਾਰੀਆਂ ਵਿਚਕਾਰ ਕੋਈ ਝਗੜਾ ਹੁੰਦਾ ਹੈ ਤਾਂ ਨਜ਼ਦੀਕੀ ਪੁਲੀਸ ਸਟੇਸ਼ਨ ਨਾਲ ਸੰਪਰਕ ਕਰਨ ਦੇ ਸਾਰੇ ਅਧਿਕਾਰ ਹਨ। 

ਦਿੱਲੀ ਵਿੱਚ ਔਸਤ ਹਵਾ ਗੁਣਵੱਤਾ ਸੂਚਕ ਅੰਕ 346 

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਕਾਰਨ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਹੋਇਆ ਹੈ। ਦਿੱਲੀ ਦਾ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ 346 ਸੀ। ਵੀਰਵਾਰ ਨੂੰ ਇਹ 429 ਸੀ। ਗੁਆਂਢੀ ਫਰੀਦਾਬਾਦ (292), ਗਾਜ਼ੀਆਬਾਦ (342), ਗ੍ਰੇਟਰ ਨੋਇਡਾ (262), ਗੁੜਗਾਉਂ (296) ਅਤੇ ਨੋਇਡਾ (312) ਨੂੰ ਵੀ ਮਾਮੂਲੀ ਰਾਹਤ ਮਿਲੀ। ਸਕਾਈਮੇਟ ਵੇਦਰ ਦੇ ਉਪ ਪ੍ਰਧਾਨ (ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ) ਮਹੇਸ਼ ਪਲਾਵਤ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ਖਾਸ ਕਰਕੇ ਪੂਰਬੀ ਪੰਜਾਬ, ਹਰਿਆਣਾ, ਪੱਛਮੀ ਤੇ ਮੱਧ ਉੱਤਰ ਪ੍ਰਦੇਸ਼ ਵਿੱਚ ਵੀਰਵਾਰ ਨੂੰ ਦਿਨ ਭਰ ਹਲਕੀ ਬਾਰਿਸ਼ ਜਾਰੀ ਰਹੀ। ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਹੋਇਆ ਹੈ। ਇੱਕ ਹੋਰ ਪੱਛਮੀ ਗੜਬੜ ਉੱਤਰ-ਪੱਛਮੀ ਭਾਰਤ ਦੇ ਨੇੜੇ ਆ ਰਹੀ ਹੈ। ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ। ਸ਼ਨੀਵਾਰ ਨੂੰ ਮੱਧਮ ਧੁੰਦ ਤੇ ਹੌਲੀ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੋਰ ਵਧਾ ਸਕਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਦੀ ਗੁਣਵੱਤਾ ਇਸ ਨਵੰਬਰ ਮਹੀਨੇ ਵਿੱਚ ਸੱਤ ਸਾਲਾਂ ਵਿੱਚ ਸਭ ਤੋਂ ਖ਼ਰਾਬ ਰਹੀ ਹੈ ਅਤੇ ਸ਼ਹਿਰ ਵਿੱਚ 11 ਦਿਨਾਂ ਵਿੱਚ ਗੰਭੀਰ ਪ੍ਰਦੂਸ਼ਣ ਦੇਖਣ ਨੂੰ ਮਿਲਿਆ ਹੈ ਅਤੇ ਇੱਕ ਦਿਨ ਵੀ ‘ਦਰਮਿਆਨੀ’ ਜਾਂ ‘ਬਿਹਤਰ’ ਹਵਾ ਦੀ ਗੁਣਵੱਤਾ ਨਹੀਂ ਰਹੀ। ਦਿੱਲੀ ਦੇ ਕਈ ਹਿੱਸਿਆਂ ’ਚ ਹਵਾ ਦੀ ਗੁਣਵੱਤਾ ‘ਗੰਭੀਰ’ ਜਾਂ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਹੀ। ਦਵਾਰਕਾ ਅਤੇ ਮੁੰਡਕਾ ਖੇਤਰਾਂ ’ਚ ਹਵਾ ਦੀ ਗੁਣਵੱਤਾ ‘ਗੰਭੀਰ’ ਦਰਜ ਕੀਤੀ ਗਈ ਸੀ, ਜਦੋਂ ਕਿ ਨਜਫਗੜ੍ਹ, ਸ਼ਾਹਦਰਾ, ਆਨੰਦ ਵਿਹਾਰ ਅਤੇ ਦਿੱਲੀ ਯੂਨੀਵਰਸਿਟੀ ਖੇਤਰਾਂ ’ਚ ਇਹ ‘ਬਹੁਤ ਮਾੜੀ’ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All