ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਸਤੰਬਰ
ਹਰ ਸਾਲ ਠੰਢ ਦੇ ਮੌਸਮ ਵਿੱਚ ਦਿੱਲੀ ਅੰਦਰ ਪ੍ਰਦੂਸ਼ਣ ਦੇ ਹੁੰਦੇ ਵਾਧੇ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਇਸ ਸਾਲ ਵੀ ਦੀਵਾਲੀ ਅਤੇ ਹੋਰ ਤਿਓਹਾਰਾਂ ਮੌਕੇ ਕੌਮੀ ਰਾਜਧਾਨੀ ਅੰਦਰ ਪਟਾਕਿਆਂ ਉਪਰ ਰੋਕ ਲਾ ਦਿੱਤੀ ਹੈ। ਸਰਦ ਰੁੱਤ ਵਿੱਚ ਪ੍ਰਦੂਸ਼ਣ ਦਾ ਪੱਧਰ ਘੱਟ ਰੱਖਣ ਲਈ ਕੌਮੀ ਰਾਜਧਾਨੀ ਵਿੱਚ ਪਟਾਕੇ ਬਣਾਉਣ, ਵੇਚਣ ਅਤੇ ਭੰਡਾਰਨ ਕਰਨ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਪਟਾਕੇ ਚਲਾਉਣ, ਬਣਾਉਣ, ਵੇਚਣ, ਭੰਡਾਰ ਕਰਨ ਉਪਰ ਪਾਬੰਦੀਆਂ ਸਖ਼ਤੀ ਨਾਲ ਲਾਗੂ ਕੀਤੀਆਂ ਜਾਣਾਗੀਆਂ। ਉਨ੍ਹਾਂ ਕਿਹਾ ਕਿ ਇਸ ਸਾਲ ਸਮਾਂ ਰਹਿੰਦੇ ਹੀ ਦਿੱਲੀ ਸਰਕਾਰ ਨੇ ਇਹ ਐਲਾਨ ਕੀਤਾ ਹੈ ਤਾਂ ਜੋ ਲੋਕ ਜਾਂ ਵਪਾਰੀ ਪਟਾਕਿਆਂ ਦਾ ਭੰਡਾਰ ਨਾ ਕਰ ਲੈਣ। ਇਹ ਵੀ ਸੱਚਾਈ ਹੈ ਕਿ ਪਾਬੰਦੀ ਦੇ ਬਾਵਜੂਦ ਦਿੱਲੀ ਵਿੱਚ ਬੀਤੇ 3 ਸਾਲਾਂ ਤੋਂ ਹਰ ਦੀਵਾਲੀ ਉਪਰ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਪਟਾਕੇ ਚਲਾਏ ਜਾਂਦੇ ਹਨ। ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਦਿੱਲੀ ਸਰਕਾਰ ਨੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਹੈ। ਸਰਦੀਆਂ ਵਿੱਚ, ਘੱਟ ਤਾਪਮਾਨ, ਹਵਾ ਦੀ ਗਤੀ, ਉਦਯੋਗਿਕ ਪ੍ਰਦੂਸ਼ਣ ਅਤੇ ਹਰਿਆਣਾ ਅਤੇ ਪੰਜਾਬ ਦੇ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਸਮੇਤ ਕਈ ਕਾਰਨਾਂ ਕਰ ਕੇ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਜਾਂ ‘ਗੰਭੀਰ’ ਸ਼੍ਰੇਣੀਆਂ ਵਿੱਚ ਆ ਜਾਂਦੀ ਹੈ। ਦੀਵਾਲੀ ਦੇ ਆਲੇ-ਦੁਆਲੇ, ਜਦੋਂ ਪਟਾਕੇ ਚਲਾਏ ਜਾਂਦੇ ਹਨ ਤਾਂ ਹਵਾ ਗੁਣਵੱਤਾ ਸੂਚਕਾਂਕ ਵੀ ਅਕਸਰ ਹੇਠਾਂ ਆ ਜਾਂਦਾ ਹੈ। ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਦੇ ਕਾਰਨ ਹਵਾ ਵਿੱਚ ਅਤਿ-ਬਾਰੀਕ ਕਣਾਂ ਦਾ ਗਾੜ੍ਹਾਪਣ ਕਈ ਗੁਣਾ ਵੱਧ ਜਾਂਦਾ ਹੈ। ਛੋਟੇ ਕਣ ਹੁੰਦੇ ਹਨ ਜੋ ਆਮ ਤੌਰ ’ਤੇ ਧੂੰਏਂ ਵਿੱਚ ਪਾਏ ਜਾਂਦੇ ਹਨ ਤੇ ਖੰਘ, ਛਾਤੀ ਵਿੱਚ ਜਕੜਨ ਤੇ ਸਾਹ ਲੈਣ ਵਿੱਚ ਮੁਸ਼ਕਲ ਪੈਦਾ ਕਰ ਸਕਦੇ ਹਨ। ਪਿਛਲੇ ਸਾਲ ਅਕਤੂਬਰ ਵਿੱਚ ਸ਼ਹਿਰ ਵਿੱਚ ਲਗਾਤਾਰ ਅੱਠ ਦਿਨ ‘ਖਰਾਬ’ ਹਵਾ ਦੀ ਗੁਣਵੱਤਾ ਦਰਜ ਕੀਤੀ ਗਈ ਸੀ। ਵਾਤਾਵਰਨ ਮੰਤਰੀ ਨੇ ਕਿਹਾ ਕਿ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੂੰ ਪਾਬੰਦੀ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ। ਰਾਏ ਨੇ ਕਿਹਾ ਕਿ ਦੀਵਾਲੀ ’ਚ ਅਜੇ ਵੀ ਸਮਾਂ ਹੈ ਪਰ ਇਹ ਫੈਸਲਾ ਅੱਜ ਲਿਆ ਗਿਆ ਹੈ ਕਿਉਂਕਿ ਹਰ ਸਾਲ ਪਟਾਕਿਆਂ ਦੀ ਵਿਕਰੀ, ਨਿਰਮਾਣ ਅਤੇ ਸਟੋਰੇਜ ਲਈ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ। ਇਸ ਸਾਲ ਪੁਲੀਸ ਵੱਲੋਂ ਪਟਾਕਿਆਂ ਦੀ ਵਿਕਰੀ, ਸਟੋਰੇਜ ਜਾਂ ਨਿਰਮਾਣ ਲਈ ਲਾਇਸੈਂਸ ਜਾਰੀ ਨਹੀਂ ਕੀਤੇ ਜਾਣਗੇ। ਰਾਏ ਨੇ ਦੂਜੇ ਰਾਜਾਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਦੂਸ਼ਣ ਕੰਟਰੋਲ ਨੂੰ ਸਫਲ ਬਣਾਉਣ ਲਈ ਪਟਾਕਿਆਂ ’ਤੇ ਪਾਬੰਦੀ ਲਗਾਉਣ। ਰਾਏ ਨੇ ਅੱਗੇ ਕਿਹਾ, “ਅਸੀਂ ਦਿੱਲੀ ਵਾਸੀ ਰੌਸ਼ਨੀਆਂ ਅਤੇ ਦੀਵਿਆਂ ਨਾਲ ਦੀਵਾਲੀ ਮਨਾਵਾਂਗੇ।’’