Gurudwara Bangla Sahib ’ਚ ਵਿਦਿਆਰਥੀਆਂ ਨੂੰ ਸ਼ਰਨ ਮਾਮਲੇ ’ਤੇ ਸਿਆਸਤ
ਸਰਨਾ ਤੇ ਜੀ ਕੇ ਨੂੰ ਦਿੱਲੀ ਕਮੇਟੀ ਦੀ ਸ਼ਲਾਘਾ ਬਰਦਾਸ਼ਤ ਨਹੀਂ ਹੋਈ: ਕਾਲਕਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਵਿਦਿਆਰਥੀਆਂ ਨੂੰ ਸ਼ਰਨ ਦੇਣ ਦੇ ਮਾਮਲੇ ’ਚ ਕਮੇਟੀ ਦੀ ਦੁਨੀਆਂ ਭਰ ’ਚ ਹੋਈ ਸ਼ਲਾਘਾ ਬਰਦਾਸ਼ਤ ਨਹੀਂ ਹੋਈ। ਇਸ ਕਾਰਨ ਉਹ ਗੁਰੂ ਘਰਾਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਕਾਲਕਾ ਨੇ ਕਿਹਾ ਕਿ ਜਦੋਂ ਦਿੱਲੀ ਵਿਚ ਨੌਜਵਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵੇਲੇ ਗੁਰਦੁਆਰਾ ਬੰਗਲਾ ਸਾਹਿਬ ’ਚ ਜ਼ਖ਼ਮੀ ਨੌਜਵਾਨਾਂ ਤੇ ਹੋਰਨਾਂ ਨੂੰ ਸ਼ਰਨ ਦੇਣ ਤੇ ਲੰਗਰ ਛਕਾਉਣ ਦੀਆਂ ਵੀਡੀਓਜ਼ ਸਾਰੀ ਦੁਨੀਆਂ ਵਿਚ ਵਾਇਰਲ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਪੁਲੀਸ ਦੇ ਦਾਖਲੇ ਦੀ ਮਨਾਹੀ ਹੈ, ਇਹ ਹਰ ਕੋਈ ਜਾਣਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਵਿਦਿਆਰਥੀਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਆ ਕੇ ਸ਼ਰਨ ਲਈ ਤਾਂ ਗੁਰਦੁਆਰਾ ਸਾਹਿਬ ਦੇ ਸਟਾਫ ਨੇ ਮੈਨੇਜਰ, ਮੀਤ ਮੈਨੇਜਰ ਤੇ ਹੋਰਨਾਂ ਦੇ ਨਾਲ ਮਿਲ ਕੇ ਵਿਦਿਆਰਥੀਆਂ ਦੀ ਸੰਭਾਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਵਿਦਿਆਰਥੀਆਂ ਦੀ ਸੰਭਾਲ ਦੀਆਂ ਵੀਡੀਓਜ਼ ਦੁਨੀਆਂ ਨੇ ਸੋਸ਼ਲ ਮੀਡੀਆ ’ਤੇ ਵੇਖੀਆਂ ਹਨ ਜਿਸ ਦੀ ਦੁਨੀਆਂ ਭਰ ਵਿਚ ਵਡਿਆਈ ਹੋਈ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਲੀ ਵਿਚ ਬਾਦਲ ਦਲ ਦੇ ਆਗੂਆਂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੂੰ ਗੁਰੂ ਘਰ ਦੀ ਇਹ ਵਡਿਆਈ ਬਰਦਾਸ਼ਤ ਨਹੀਂ ਹੋਈ ਤੇ ਉਨ੍ਹਾਂ ਨੇ ਉਲਟਾ ਗੁਰਦੁਆਰਾ ਬੰਗਲਾ ਸਾਹਿਬ ਤੇ ਇਸਦੇ ਸਟਾਫ ਵਿਰੁੱਧ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਤਾਇਨਾਤ ਸਟਾਫ ਨੇ ਜੋ ਕੀਤਾ, ਉਸ ਦੀ ਵਡਿਆਈ ਕਰਨ ਵਾਸਤੇ ਸ਼ਬਦ ਵੀ ਥੋੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਸਟਾਫ ਵਧਾਈ ਦਾ ਪਾਤਰ ਹੈ ਜਿਸ ਨੇ ਬੱਚਿਆਂ ਦੀ ਸੰਭਾਲ ਕੀਤੀ।

