ਹੋਲੀ ਮੌਕੇ ਹੁੱਲੜਬਾਜ਼ਾਂ ਨਾਲ ਨਜਿੱਠਣ ਲਈ ਪੁਲੀਸ ਮੁਸਤੈਦ
15,000 ਤੋਂ ਵੱਧ ਜਵਾਨ ਰਹਿਣਗੇ ਤਾਇਨਾਤ; ਭੀੜ ਵਾਲੀਆਂ ਥਾਵਾਂ ’ਤੇ ਚੌਕਸੀ ਵਧਾਈ
ਹੋਲੀ ਦੇ ਤਿਉਹਾਰ ਨੂੰ ਸ਼ਾਂਤੀਪੂਰਵਕ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਬੁੱਧਵਾਰ ਨੂੰ ਪੂਰੀ ਦਿੱਲੀ ਵਿੱਚ 15,000 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਦਿੱਲੀ ਪੁਲੀਸ ਦੇ ਅਧਿਕਾਰੀਆਂ ਅਨੁਸਾਰ ਅਮਨ-ਕਾਨੂੰਨ ਬਣਾਈ ਰੱਖਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਮੋਟਰਸਾਈਕਲ ਸਟੰਟਬਾਜ਼ੀ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੰਵੇਦਨਸ਼ੀਲ ਥਾਵਾਂ, ਪ੍ਰਮੁੱਖ ਚੌਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਟੀਮਾਂ ਤਾਇਨਾਤ ਰਹਿਣਗੀਆਂ। ਜ਼ਿਲ੍ਹਾ ਪੁਲੀਸ ਸਟਾਫ਼, ਟਰੈਫਿਕ ਪੁਲੀਸ ਅਤੇ ਪੀ ਸੀ ਆਰ ਯੂਨਿਟ ਸ਼ਹਿਰ ਭਰ ਵਿੱਚ ਗਸ਼ਤ ਕਰਨਗੇ। ਸ਼ਰਾਬ ਪੀ ਕੇ ਵਾਹਨ ਚਲਾਉਣ, ਤੇਜ਼ ਰਫ਼ਤਾਰ ਅਤੇ ਮੋਟਰਸਾਈਕਲਾਂ ’ਤੇ ਖਤਰਨਾਕ ਸਟੰਟ ਕਰਨ ਵਾਲਿਆਂ ਨੂੰ ਰੋਕਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ।
ਟਰੈਫਿਕ ਪੁਲੀਸ ਦੀਆਂ ਟੀਮਾਂ ਬਰੈਥ ਐਨਾਲਾਈਜ਼ਰ (ਸਾਹ ਰਾਹੀਂ ਸ਼ਰਾਬ ਦੀ ਜਾਂਚ ਕਰਨ ਵਾਲੇ ਯੰਤਰ) ਅਤੇ ਸਪੀਡ ਚੈਕਿੰਗ ਮੀਟਰਾਂ ਨਾਲ ਲੈਸ ਹੋ ਕੇ ਦਿਨ ਭਰ ਚੈਕਿੰਗ ਕਰਨਗੀਆਂ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਟ੍ਰਿਪਲ ਰਾਈਡਿੰਗ, ਓਵਰ-ਸਪੀਡਿੰਗ ਅਤੇ ਦੋਪਹੀਆ ਵਾਹਨਾਂ ’ਤੇ ਵੀਲ੍ਹੀ (ਪਹੀਆ ਚੁੱਕਣਾ) ਜਾਂ ਹੋਰ ਸਟੰਟ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭੀੜ ਵਾਲੀਆਂ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ ਅਤੇ ਸਾਦੇ ਕੱਪੜਿਆਂ ਵਿੱਚ ਪੁਲੀਸ ਮੁਲਾਜ਼ਮ ਸ਼ਰਾਰਤੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਣਗੇ। ਦਿੱਲੀ ਪੁਲੀਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਥਾਵਾਂ ’ਤੇ ਹੁਲੜਬਾਜ਼ੀ ਕਰਨ ਅਤੇ ਜ਼ਬਰਦਸਤੀ ਰੰਗ ਲਗਾਉਣ ਤੋਂ ਗੁਰੇਜ਼ ਕਰਨ ਤਾਂ ਜੋ ਤਿਉਹਾਰ ਦਾ ਮਾਹੌਲ ਖੁਸ਼ਗਵਾਰ ਬਣਿਆ ਰਹੇ।
ਹੋਲੀ ਵਾਲੇ ਦਿਨ ਮੈਟਰੋ ਸੇਵਾਵਾਂ ਸਵੇਰ ਲਈ ਬੰਦ
ਨਵੀਂ ਦਿੱਲੀ: ਨੈਸ਼ਨਲ ਕੈਪੀਟਲ ਰੀਜਨ ਟ੍ਰਾਂਸਪੋਰਟ ਕਾਰਪੋਰੇਸ਼ਨ (ਐੱਨ ਸੀ ਆਰ ਟੀ ਸੀ) ਨੇ 4 ਮਾਰਚ ਨੂੰ ਹੋਲੀ ਮੌਕੇ ਨਮੋ ਭਾਰਤ ਅਤੇ ਮੇਰਠ ਮੈਟਰੋ ਦੀਆਂ ਸੇਵਾਵਾਂ ਸੀਮਤ ਸਮੇਂ ਲਈ ਚੱਲਣ ਦਾ ਐਲਾਨ ਕੀਤਾ ਹੈ। ਯਾਤਰੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਸੇਵਾਵਾਂ ਸਿਰਫ਼ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਹੀ ਉਪਲਬਧ ਹੋਣਗੀਆਂ। ਐੱਨ ਸੀ ਆਰ ਟੀ ਸੀ ਨੇ ਸਪੱਸ਼ਟ ਕੀਤਾ ਕਿ ਇਹ ਬਦਲਾਅ ਸਿਰਫ਼ ਹੋਲੀ ਵਾਲੇ ਦਿਨ ਲਈ ਹੈ ਤਾਂ ਜੋ ਲੋਕਾਂ ਨੂੰ ਤਿਉਹਾਰ ਮਨਾਉਣ ਤੋਂ ਬਾਅਦ ਜ਼ਰੂਰੀ ਸਫ਼ਰ ਕਰਨ ਵਿੱਚ ਆਸਾਨੀ ਹੋਵੇ। ਬਾਕੀ ਦਿਨਾਂ ਵਿੱਚ, ਜਿਸ ਵਿੱਚ ਐਤਵਾਰ ਵੀ ਸ਼ਾਮਲ ਹੈ, ਦੋਵੇਂ ਮੈਟਰੋ ਸੇਵਾਵਾਂ ਆਪਣੇ ਨਿਰਧਾਰਤ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੱਲਣਗੀਆਂ। ਇਹ ਸੇਵਾਵਾਂ ਰਾਸ਼ਟਰੀ ਰਾਜਧਾਨੀ ਖੇਤਰ (ਐੱਨ ਸੀ ਆਰ) ਦੇ ਮੁੱਖ ਇਲਾਕਿਆਂ ਨੂੰ ਆਪਸ ਵਿੱਚ ਜੋੜਦੀਆਂ ਹਨ ਅਤੇ ਯਾਤਰੀਆਂ ਨੂੰ ਤੇਜ਼ ਅਤੇ ਆਰਾਮਦਾਇਕ ਸਫ਼ਰ ਮੁਹੱਈਆ ਕਰਵਾਉਂਦੀਆਂ ਹਨ। -ਪੀਟੀਆਈ

