ਪੁਲੀਸ ਵੱਲੋਂ ਵਿਦਿਆਰਥੀ ਆਗੂਆਂ ਨੂੰ ਨੋਟਿਸ ਭੇਜਣ ਦਾ ਮਾਮਲਾ ਭਖਿਆ
ਜੇ ਐੱਨ ਯੂ ਪ੍ਰਸ਼ਾਸਨ ’ਤੇ ਵਿਦਿਆਰਥੀਆਂ ਦੀ ਆਵਾਜ਼ ਦਬਾਉਣ ਦੇ ਦੋਸ਼
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐੱਨਯੂਏਐੱਸਯੂ) ਨੇ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਵਿਦਿਆਰਥੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਧਮਕਾਉਣ ਦੇ ਦੋਸ਼ ਲਗਾਏ ਹਨ। ਇਹ ਮਾਮਲਾ ਦਿੱਲੀ ਪੁਲੀਸ ਵੱਲੋਂ ਯੂਨੀਵਰਸਿਟੀ ਦੀ ਡਾ. ਬੀ ਆਰ ਅੰਬੇਡਕਰ ਲਾਇਬਰੇਰੀ ਵਿੱਚ ਨਿਗਰਾਨੀ ਪ੍ਰਬੰਧਾਂ ਤਹਿਤ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਅਤੇ ਮੈਗਨੈਟਿਕ ਐਂਟਰੀ ਗੇਟ ਲਾਉਣ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਮੌਜੂਦਾ ਅਤੇ ਸਾਬਕਾ ਵਿਦਿਆਰਥੀ ਆਗੂਆਂ ਨੂੰ ਪੁੱਛ-ਪੜਤਾਲ ਲਈ ਨੋਟਿਸ ਜਾਰੀ ਕਰਨ ਤੋਂ ਭਖ ਗਿਆ ਹੈ। ਵਿਦਿਆਰਥੀ ਯੂਨੀਅਨ ਵੱਲੋਂ ਜਾਰੀ ਬਿਆਨ ਅਨੁਸਾਰ ਯੂਨੀਅਨ ਦੀ ਪ੍ਰਧਾਨ ਅਦਿਤੀ ਮਿਸ਼ਰਾ, ਮੀਤ ਪ੍ਰਧਾਨ ਗੋਪਿਕਾ, ਮੁੱਖ ਸਕੱਤਰ ਸੁਨੀਲ ਤੇ ਸਾਬਕਾ ਪ੍ਰਧਾਨ ਨੀਤੀ ਕੁਮਾਰ ਖ਼ਿਲਾਫ਼ ਐੱਫ ਆਈ ਆਰ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪੁਲੀਸ ਨੇ ਇਹ ਨੋਟਿਸ ਜਾਰੀ ਕੀਤੇ ਹਨ ਤੇ ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਥਾਣੇ ਸੱਦਿਆ ਗਿਆ ਹੈ। ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਅਤੇ ਜਾਇਜ਼ ਮੰਗਾਂ ਤੋਂ ਧਿਆਨ ਭਟਕਾਉਣ ਦੀ ਇੱਕ ਕੋਸ਼ਿਸ਼ ਹੈ। ਵਿਦਿਆਰਥੀ ਯੂਨੀਅਨ ਦਾ ਦੋਸ਼ ਹੈ ਕਿ ਲਾਈਬ੍ਰੇਰੀ ਵਿੱਚ ਕਿਤਾਬਾਂ ਦੀ ਘਾਟ, ਸੀਟਾਂ ਦੀ ਕਮੀ ਅਤੇ ਫੰਡਾਂ ਦੀ ਕਟੌਤੀ ਵਰਗੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ, ਪ੍ਰਸ਼ਾਸਨ ਕਰੋੜਾਂ ਰੁਪਏ ਨਿਗਰਾਨੀ ਵਾਲੇ ਗੇਟਾਂ ਅਤੇ ਕੈਮਰਿਆਂ ’ਤੇ ਖਰਚ ਕਰ ਰਿਹਾ ਹੈ। ਵਿਦਿਆਰਥੀ ਯੂਨੀਅਨ ਨੇ ਇਸ ਕਾਰਵਾਈ ਨੂੰ ਵਿਦਿਆਰਥੀਆਂ ਦੀ ਨਿੱਜਤਾ ’ਤੇ ਹਮਲਾ ਕਰਾਰ ਦਿੱਤਾ ਹੈ ਅਤੇ ਕੇਸ ਤੁਰੰਤ ਵਾਪਸ ਲਏ ਜਾਣ।

