PM Modi Gen Z: ਪ੍ਰਧਾਨ ਮੰਤਰੀ ਮੋਦੀ ਨੇ ਜ਼ੈਨ-ਜ਼ੀ ਨਾਲ ਸਬੰਧਤ ਸ਼ਬਦਾਂ ਦੀ ਕੀਤੀ ਵਰਤੋਂ
ਦਿੱਲੀ ਦੇ ਸ੍ਰੀ ਰਾਮ ਕਾਲਜ ਪਹੁੰਚੇ ਪੀਐੱਮ ਮੋਦੀ, ਵਿਦਿਆਰਥੀਆਂ ਨਾਲ ਕੀਤੀ ਗੱਲਬਾਤ
PM Modi Gen Z: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਰਾਮ ਕਾਲਜ ਆਫ਼ ਕਾਮਰਸ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਦੀ ਪਸੰਦ ਵਾਲੇ ਸ਼ਬਦਾਂ "OG" ਅਤੇ "ਧੁਰੰਧਰ" ਦੀ ਖੁੱਲ੍ਹ ਕੇ ਵਰਤੋਂ ਕੀਤੀ।
ਇੱਥੇ OG (original gangster) ਦਾ ਮਤਲਬ ਉਸ ਵਿਅਕਤੀ ਤੋਂ ਹੈ ਜੋ ਬਹੁਤ ਹੀ ਖਾਸ, ਅਸਲੀ ਜਾਂ ਪੁਰਾਣੇ ਅੰਦਾਜ਼ ਵਾਲਾ ਹੋਵੇ, ਜਦੋਂ ਕਿ ਧੁਰੰਧਰ ਦਾ ਅਰਥ ਕਿਸੇ ਮਾਹਰ ਜਾਂ ਦਿੱਗਜ਼ ਤੋਂ ਹੈ। ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਕਾਲਜ ਦੇ ਪੁਰਾਣੇ ਵਿਦਿਆਰਥੀ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ ਅਤੇ ਜੇਕਰ ਤੁਹਾਡੀ ਭਾਸ਼ਾ ਵਿੱਚ ਕਹਾਂ ਤਾਂ ਉਹ OG ਹਨ। ਭਾਜਪਾ ਆਗੂਆਂ ਵੱਲੋਂ ਨੌਜਵਾਨਾਂ ਨਾਲ ਜੁੜਨ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ।
ਪੀ ਐਮ ਮੋਦੀ ਨੇ 2013 ਦੇ ਪੁਰਾਣੇ ਭਾਸ਼ਣ ਨੂੰ ਕੀਤਾ ਯਾਦ
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 2013 ਦੇ ਦੌਰੇ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਉਨ੍ਹਾਂ ਦਾ ਭਾਸ਼ਣ ਇੱਕ ਲਹਿਰ ਬਣ ਗਿਆ ਸੀ ਅਤੇ 13-14 ਸਾਲ ਬਾਅਦ ਵੀ ਉਸ ਦਾ ਪ੍ਰਭਾਵ ਬਰਕਰਾਰ ਹੈ। ਉਨ੍ਹਾਂ ਕਿਹਾ ਕਿ 2013 ਵਿੱਚ ਭਾਰਤ ਦਹਿਸ਼ਤੀ ਹਮਲਿਆਂ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਸੀ ਅਤੇ ਦੇਸ਼ ਨੂੰ "ਫ੍ਰੈਜ਼ਾਈਲ ਫਾਈਵ" (ਕਮਜ਼ੋਰ ਪੰਜ) ਕਿਹਾ ਜਾਂਦਾ ਸੀ।
ਪੀਐੱਮ ਮੋਦੀ ਨੇ ਕਿਹਾ ਕਿ ਉਸ ਸਮੇਂ ਦੇਸ਼ ਵਿੱਚ ਨਿਰਾਸ਼ਾ ਦਾ ਮਾਹੌਲ ਸੀ ਪਰ ਉਨ੍ਹਾਂ ਨੇ ਪਾਣੀ ਨਾਲ ਭਰੇ ਗਲਾਸ ਦੀ ਉਦਾਹਰਣ ਦਿੰਦਿਆਂ ਕਿਹਾ ਸੀ ਕਿ ਉਹ ਗਲਾਸ ਨੂੰ ਪੂਰਾ ਭਰਿਆ ਹੋਇਆ ਦੇਖਦੇ ਹਨ। ਅੱਜ ਦੇਸ਼ ਦਾ ਦ੍ਰਿਸ਼ਟੀਕੋਣ ਅਤੇ ਦੁਨੀਆ ਵਿੱਚ ਭਾਰਤ ਦਾ ਰੁਤਬਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ।

