PM Modi ਮਨਪ੍ਰੀਤ ਬਾਦਲ ਦੀ ਧੀ ਦੇ ਰਿਸੈਪਸ਼ਨ ਸਮਾਗਮ ’ਚ ਪੁੱਜੇ, ਸੁਖਬੀਰ ਅਤੇ ਹਰਸਿਮਰਤ ਵੀ ਰਹੇ ਮੌਜੂਦ
ਰੀਆ ਬਾਦਲ ਦਾ ਵਿਆਹ ਕਾਂਗਰਸ ਦੇ ਦਿੱਗਜ ਆਗੂ ਕਰਨ ਸਿੰਘ ਦੇ ਪੋਤੇ ਆਰ. ਕੇ. ਮਾਰਤੰਡ ਸਿੰਘ ਨਾਲ ਹੋਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਭਾਜਪਾ ਦੇ ਕੌਮੀ ਮੀਤ-ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਦੇ ਵਿਆਹ ਦੇ ਰਿਸੈਪਸ਼ਨ ਸਮਾਗਮ ਵਿੱਚ ਸ਼ਿਰਕਤ ਕੀਤੀ ਹੈ।
ਇਹ ਰਿਸੈਪਸ਼ਨ ਅੱਜ ਦਿਨ ਵੇਲੇ ਹੋਏ ਵਿਆਹ ਤੋਂ ਤੁਰੰਤ ਬਾਅਦ ਰੱਖੀ ਗਈ ਸੀ। ਰੀਆ ਬਾਦਲ ਦਾ ਵਿਆਹ ਕਾਂਗਰਸ ਦੇ ਦਿੱਗਜ ਆਗੂ ਕਰਨ ਸਿੰਘ ਦੇ ਪੋਤੇ ਆਰ. ਕੇ. ਮਾਰਤੰਡ ਸਿੰਘ ਨਾਲ ਹੋਇਆ ਹੈ। ਲਾੜਾ ਅਤੇ ਉਸ ਦੇ ਪਿਤਾ ਅੱਜ ਰਿਸੈਪਸ਼ਨ ਦੌਰਾਨ ਸ਼ਾਹੀ ਪਹਿਰਾਵੇ ਵਿੱਚ ਨਜ਼ਰ ਆਏ।
ਇਸ ਸਮਾਗਮ ਵਿੱਚ ਭਾਜਪਾ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ। ਅਕਾਲੀ ਦਲ ਵੱਲੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕੀਤੀ।
ਮਹਿਮਾਨਾਂ ਦੀ ਸੂਚੀ ਵਿੱਚ ਕਈ ਹਾਈ-ਪ੍ਰੋਫਾਈਲ ਸ਼ਖ਼ਸੀਅਤਾਂ ਅਤੇ ਸੀਨੀਅਰ ਮੰਤਰੀਆਂ ਤੋਂ ਇਲਾਵਾ ਹਿਮਾਚਲ, ਸਿੰਧੀਆ ਅਤੇ ਜੰਮੂ ਘਰਾਣਿਆਂ ਦੇ ਸ਼ਾਹੀ ਪਰਿਵਾਰ ਸ਼ਾਮਲ ਸਨ।
ਰਿਸੈਪਸ਼ਨ ਲੁਟੀਅਨਜ਼ ਦਿੱਲੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਦੀ ਨਿੱਜੀ ਰਿਹਾਇਸ਼ 'ਤੇ ਰੱਖੀ ਗਈ ਸੀ।
ਜੈ ਇੰਦਰ ਕੌਰ ਦੇ ਬੇਟੇ ਨਿਰਵਾਨ ਸਿੰਘ ਦਾ ਵਿਆਹ ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਸਿੰਘ ਨਾਲ ਹੋਇਆ ਹੈ। ਸਮਾਗਮ ਵਿੱਚ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ, ਮੰਤਰੀ ਜਯੋਤਿਰਆਦਿੱਤਿਆ ਸਿੰਧੀਆ ਅਤੇ ਸਾਬਕਾ ਲੋਕ ਸਭਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਹਾਜ਼ਰ ਸਨ।
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਸ਼ਿਰਕਤ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ ਵਿੱਚ ਆਪਣੀਆਂ ਪਹਿਲਾਂ ਤੋਂ ਨਿਰਧਾਰਿਤ ਰੁਝੇਵਿਆਂ ਕਾਰਨ ਸਮਾਗਮ ਵਿੱਚ ਨਹੀਂ ਪਹੁੰਚ ਸਕੇ।

