ਪਲਾਜ਼ਮਾ ਨਾਲ 620 ਮਰੀਜ਼ਾਂ ਦੀ ਜਾਨ ਬਚਾਈ

ਨਿੱਜੀ ਹਸਪਤਾਲਾਂ ਵਿੱਚ ਵੀ ਪਲਾਜ਼ਮਾ ਕਰਵਾਇਆ ਜਾ ਰਿਹੈ ਉਪਲੱਬਧ: ਕੇਜਰੀਵਾਲ

ਪਲਾਜ਼ਮਾ ਨਾਲ 620 ਮਰੀਜ਼ਾਂ ਦੀ ਜਾਨ ਬਚਾਈ

ਸਿਹਤ ਕਰਮਚਾਰੀ ਪਾਕਿਸਤਾਨ ਤੋਂ ਆਏ ਹਿੰਦੂ ਸ਼ਰਨਾਰਥੀਆਂ ਦੇ ਨਮੂਨੇ ਲੈਂਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਅਗਸਤ

ਪਲਾਜ਼ਮਾ ਬੈਂਕ ਖੋਲ੍ਹਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿੱਜੀ ਪਹਿਲਕਦਮੀ ਹੁਣ ਕਰੋਨਾ ਦੇ ਗੰਭੀਰ ਮਰੀਜ਼ਾਂ ਲਈ ਜੀਵਨ ਰੇਖਾ ਬਣ ਗਈ ਹੈ। ਕੋਵਿਡ -19 ਦਾ ਮੁਕਾਬਲਾ ਕਰਨ ਲਈ ਦਿੱਲੀ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਨਾਲ ਪਲਾਜ਼ਮਾ ਥੈਰੇਪੀ ਗੰਭੀਰ ਮਰੀਜ਼ਾਂ ਦੀ ਛੇਤੀ ਰਿਕਵਰੀ ਲਈ ਕਾਰਗਰ ਸਾਬਤ ਹੋਈ ਹੈ। ਹੁਣ ਤੱਕ 710 ਲੋਕਾਂ ਨੂੰ ਮੁਫਤ ਪਲਾਜ਼ਮਾ ਦਿੱਤਾ ਜਾ ਚੁੱਕਾ ਹੈ ਜਿਸ ਨਾਲ ਗੰਭੀਰ ਕਰੋਨਾ ਮਰੀਜ਼ਾਂ ਦਾ ਇਲਾਜ ਸੰਭਵ ਹੋ ਸਕਦਾ ਹੈ। ਦੱਸਣਯੋਗ ਹੈ ਕਿ ਹੁਣ ਤੱਕ 921 ਵਿਅਕਤੀ ਪਲਾਜ਼ਮਾ ਦਾਨ ਕਰ ਚੁੱਕੇ ਹਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਆਈ.ਐੱਲ.ਬੀ.ਐਸ ਅਤੇ ਐੱਲ.ਐੱਨ. ਜੇ.ਪੀ ਹਸਪਤਾਲਾਂ ’ਚ ਸਥਾਪਿਤ ਪਲਾਜ਼ਮਾ ਬੈਂਕ ਤੋਂ ਕਰੋਨਾ ਦੇ ਗੰਭੀਰ ਮਰੀਜ਼ਾਂ ਲਈ ਮੁਫਤ ਪਲਾਜ਼ਮਾ ਦਿੱਲੀ ਸਰਕਾਰ, ਕੇਂਦਰ ਸਰਕਾਰ ਤੇ ਐੱਮਸੀਡੀ ਹਸਪਤਾਲਾਂ ਤੋਂ ਇਲਾਵਾ ਸਾਰੇ ਨਿੱਜੀ ਹਸਪਤਾਲਾਂ ’ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਹੁਣ ਤੱਕ ਆਈਐੱਲਬੀਐੱਸ ਤੇ ਐੱਲਐੱਨਜੇਪੀ ਦੇ ਪਲਾਜ਼ਮਾ ਬੈਂਕ ਦੇ ਪਲਾਜ਼ਮਾ ਦੀਆਂ 710 ਇਕਾਈਆਂ ਦਿੱਲੀ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਇਲਾਜ ਕਰ ਰਹੇ ਕਰੋਨਾ ਗੰਭੀਰ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਗਈਆਂ ਹਨ। ਕੇਜਰੀਵਾਲ ਨੇ ਕਿਹਾ ਕਿ ਵਿਸ਼ਵ ਦੇ ਸਾਰੇ ਮਾਹਰ ਮੰਨਦੇ ਹਨ ਕਿ ਪਲਾਜ਼ਮਾ ਗੰਭੀਰ ਕਰੋਨਾ ਦੇ ਮਰੀਜ਼ਾਂ ਦਾ ਪ੍ਰਭਾਵਸ਼ਾਲੀ ਇਲਾਜ ਮੁਹੱਈਆ ਕਰਵਾ ਸਕਦਾ ਹੈ, ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਲਈ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਕੇਂਦਰ ਸਰਕਾਰ ਤੋਂ ਮਨਜ਼ੂਰੀ ਤੋਂ ਬਾਅਦ ਦਿੱਲੀ ’ਚ ਸ਼ੁਰੂ ਹੋਈ, ਜਿਸ ਦੇ ਨਤੀਜੇ ਵਧੀਆ ਆਏ ਹਨ। ਇਸ ਮਗਰੋਂ ਇਸ ਦਾ ਵਿਸਥਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਪਲਾਜ਼ਮਾ ਲੈਣ ’ਚ ਮੁਸ਼ਕਲ ਆ ਰਹੀ ਸੀ, ਜਿਸ ਦੀ ਸਹੂਲਤ ਲਈ ਪਲਾਜ਼ਮਾ ਬੈਂਕ ਦੀ ਸਥਾਪਨਾ ਦਿੱਲੀ ਸਰਕਾਰ ਵੱਲੋਂ ਕੀਤੀ ਗਈ।

ਕੇਜਰੀਵਾਲ ਨੇ ਦੱਸਿਆ ਕਿ ਆਈਐੱਲਬੀਐੱਸ ਅਤੇ ਐੱਲਐੱਨਜੇਪੀ ਹਸਪਤਾਲ ‘ਚ ਸਥਾਪਤ ਪਲਾਜ਼ਮਾ ਬੈਂਕ ਵਿੱਚ ਸਾਰੇ ਖੂਨ ਸਮੂਹਾਂ ਦਾ ਪਲਾਜ਼ਮਾ ਉਪਲੱਬਧ ਹੈ।

ਇਥੋਂ ਤਕ ਕਿ ‘ਏਬੀ’ ਬਲੱਡ ਗਰੁੱਪ ਨੂੰ ਪਲਾਜ਼ਮਾ ਲੈਣ ‘ਚ ਮੁਸ਼ਕਲ ਆਉਂਦੀ ਹੈ ਪਰ ਪਲਾਜ਼ਮਾ ਬੈਂਕ ਸਟਾਕ ‘ਚ ‘ਏਬੀ’ ਬਲੱਡ ਗਰੁੱਪ ਦਾ ਪਲਾਜ਼ਮਾ ਕਾਫ਼ੀ ਮਾਤਰਾ ‘ਚ ਉਪਲੱਬਧ ਹੈ। ਇਸ ਤੋਂ ਇਲਾਵਾ, ‘ਏ’ ਬਲੱਡ ਗਰੁੱਪ ਦੇ 171 ਮਰੀਜ਼ਾਂ, ‘ਓ’ ਗਰੁੱਪ ਦੇ 180 ਤੇ ‘ਬੀ’ ਬਲੱਡ ਗਰੁੱਪ ਦੇ 269 ਮਰੀਜ਼ਾਂ ਨੂੰ ਦੋਵਾਂ ਪਲਾਜ਼ਮਾ ਬੈਂਕ ਸਟਾਕਾਂ ਤੋਂ ਪਲਾਜ਼ਮਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਾਨ ਬਚਾਈ ਗਈ ਹੈ। ਹੁਣ ਤੱਕ ਕੋਵਿਡ -19 ਤੋਂ ਠੀਕ ਹੋ ਚੁੱਕੇ 921 ਲੋਕ ਆਈ ਐਲ ਬੀ ਐਸ ਪਲਾਜ਼ਮਾ ਬੈਂਕ ‘ਚ ਆਏ ਹਨ ਅਤੇ ਪਲਾਜ਼ਮਾ ਦਾਨ ਕੀਤਾ ਹੈ ਜਿਸ ‘ਚ 86 ਸਿਹਤ ਕਰਮਚਾਰੀ, 209 ਉੱਦਮੀ, 8 ਮੀਡੀਆ ਕਰਮਚਾਰੀ, 28 ਪੁਲੀਸ ਅਧਿਕਾਰੀ, 50 ਵਿਦਿਆਰਥੀ, 32 ਸਰਕਾਰੀ ਅਧਿਕਾਰੀ ਅਤੇ ਨੌਕਰੀਆਂ, ਸਵੈ-ਰੁਜ਼ਗਾਰ ਪੇਸ਼ੇਵਰ, ਗੈਰ-ਵਸਨੀਕਾਂ ਸਮੇਤ 508 ਹੋਰ ਵਿਅਕਤੀਆਂ ਨੇ ਇੱਕ ਤੋਂ ਵੱਧ ਵਾਰ ਪਲਾਜ਼ਮਾ ਦਾਨ ਕੀਤਾ ਹੈ। ਹੁਣ ਤੱਕ ਪਲਾਜ਼ਮਾ ਬੈਂਕ ਤੋਂ 60 ਸਾਲ ਤੋਂ ਘੱਟ ਉਮਰ ਦੇ 388 ਮਰੀਜ਼ਾਂ ਤੇ 60 ਸਾਲ ਤੋਂ ਵੱਧ ਉਮਰ ਦੇ 322 ਮਰੀਜ਼ ਜੋ ਕਰੋਨਾ ਨਾਲ ਗੰਭੀਰ ਰੂਪ ‘ਚ ਬਿਮਾਰ ਹਨ ਨੂੰ ਪਲਾਜ਼ਮਾ ਉਪਲੱਬਧ ਕਰਾਇਆ ਗਿਆ, ਸਭ ਤੋਂ ਛੋਟੀ 18 ਸਾਲ ਦੀ ਉਮਰ ਦੇ ਬੱਚੇ ਨੂੰ ਉੱਚ ਪੱਧਰੀ ਪਲਾਜ਼ਮਾ ਦਿੱਤਾ ਗਿਆ।

ਦਿੱਲੀ ਵਿੱਚ ਮੌਤਾਂ ਦਾ ਅੰਕੜਾ ਹੇਠਾਂ ਡਿੱਗਿਆ

ਦਿੱਲੀ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 8 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਬੀਤੇ ਤਿੰਨ ਮਹੀਨਿਆਂ ਮਗਰੋਂ ਦਹਾਈ ਅੰਕੜੇ ਤੋਂ ਹੇਠਾਂ ਇਹ ਅੰਕੜਾ ਸਰਕਿਆ ਹੈ। ਹਾਲਾਂਕਿ ਮਰੀਜ਼ਾਂ ਦੀ ਗਿਣਤੀ ਬੀਤੇ ਦਿਨਾਂ ਦੇ ਮੁਕਾਬਲੇ ਵਧੀ ਹੈ ਤੇ ਇਹ ਰੋਜ਼ਾਨਾ ਦੀ ਦਰ ਮੁਤਾਬਕ 1257 ਹੋ ਗਈ ਹੈ ਜਦਕਿ ਠੀਕ ਹੋਣ ਵਾਲੇ ਮਰੀਜ਼ 727 ਹਨ। ਹੁਣ ਤੱਕ ਕੁੱਲ ਮਰੀਜ਼ 147391 ਹੋ ਚੁੱਕੇ ਹਨ ਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ 132384 ਹੈ। ਦਿੱਲੀ ਵਿੱਚ 493 ਇਲਾਕੇ ਸੀਲਬੰਦ ਹਨ। ਮੌਤਾਂ ਦੀ ਗਿਣਤੀ 8 ਤੱਕ ਹੇਠਾਂ ਆਉਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦਿੱਲੀ ਵਿੱਚ ਕਰੋਨਾ ਨਾਲ ਸਿਰਫ਼ 8 ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਹੋਣ ਵਾਲੀਆਂ ਮੌਤਾਂ ਘੱਟ ਕਰਨ ਲਈ ਉਨ੍ਹਾਂ ਕਈ ਕਦਮ ਪੁੱਟੇ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕਰੋਨਾ ਨਾਲ ਇਕ ਵੀ ਮੌਤ ਨਹੀਂ ਹੋਣੀ ਚਾਹੀਦੀ। ਇਸੇ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦਾਅਵਾ ਕੀਤਾ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਮਰੀਜ਼ਾਂ ਦੇ ਦੁੱਗਣਾ ਹੋਣ ਦਾ ਸਮਾਂ 50 ਦਿਨ ਤੱਕ ਪੁੱਜ ਗਿਆ ਹੈ ਜਦੋਂ ਕਿ ਕੌਮੀ ਦਰ 20 ਦਿਨ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਭਰਤੀ ਕਰੋਨਾਵਾਇਰਸ ਪੀੜਤਾਂ ਵਿੱਚੋਂ ਇਕ ਤਿਹਾਈ ਲੋਕ ਬਾਹਰਲੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All