ਦਿੱਲੀ ਨਗਰ ਨਿਗਮ ਵੱਲੋਂ ਕੂੜਾ ਪ੍ਰਬੰਧਨ ਲਈ ਟੀ ਪੀ ਡੀ ਕੰਪ੍ਰੈਸਡ ਬਾਇਓਗੈਸ ਪਲਾਂਟ ਲਾਉਣ ਦੀ ਯੋਜਨਾ ਬਣਾਈ ਗਈ ਹੈ। ਅੱਜ ਦਿੱਲੀ ਸਕੱਤਰੇਤ ਵਿੱਚ ਦਿੱਲੀ ਨਗਰ ਨਿਗਮ ਅਤੇ ਆਇਲ ਇੰਡੀਆ ਲਿਮਟਿਡ ਵਿਚਕਾਰ ਤੇਹਖੰਡ ਅਤੇ ਓਖਲਾ ਵਿੱਚ 800 ਟੀ ਪੀ ਡੀ ਕੰਪ੍ਰੈਸਡ ਬਾਇਓਗੈਸ ਪਲਾਂਟ ਲਈ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਗਏ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਦਿੱਲੀ ਸਰਕਾਰ ਦੀ ਕੂੜਾ ਸਾਂਭਣ ਦੀ ਆਪਣੀ ਪ੍ਰਤੀਬੱਧਤਾ ਪ੍ਰਗਟ ਕੀਤੀ ਗਈ।
ਉਨ੍ਹਾਂ ਕਿਹਾ ਕਿ 800 ਟੀ ਪੀ ਡੀ ਕੰਪ੍ਰੈਸਡ ਪਲਾਂਟ ਤੋਂ ਬਾਇਓਗੈਸ ਬਣਾਈ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਰੇਖਾ ਗੁਪਤਾ ਨੇ ਦੱਸਿਆ ਕਿ ਇਹ ਪਲਾਂਟ ਵੱਖ ਕੀਤੇ ਜੈਵਿਕ ਰਹਿੰਦ-ਖੂੰਹਦ ਤੋਂ ਬਾਇਓਗੈਸ ਪੈਦਾ ਕਰਨਗੇ। ਇਹ ਕੂੜੇ ਦੇ ਪਹਾੜਾਂ ਨੂੰ ਘਟਾਏਗਾ, ਸਾਫ਼ ਊਰਜਾ ਉਤਪਾਦਨ ਵਧਾਏਗਾ, ਅਤੇ ਸਾਫ਼ ਦਿੱਲੀ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ।
ਉਨ੍ਹਾਂ ਦਿੱਲੀ ਸਰਕਾਰ ਵੱਲੋਂ ਵਾਤਾਵਰਨ ਸ਼ੁੱਧ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਦਿੱਲੀ ਨਗਰ ਨਿਗਮ ਦੇ ਮੇਅਰ ਪ੍ਰਵੇਸ਼ ਵਾਹੀ ਅਤੇ ਸਬੰਧਤ ਅਧਿਕਾਰੀ ਇਸ ਮੌਕੇ ’ਤੇ ਮੌਜੂਦ ਸਨ। ਵਾਹੀ ਨੇ ਦਿੱਲੀ ਨਗਰ ਨਿਗਮ ਦੇ ਕੂੜਾ ਸਾਂਭਣ ਦੇ ਟੀਚਿਆਂ ਬਾਰੇ ਚਰਚਾ ਕੀਤੀ। ਆਇਲ ਇੰਡੀਆ ਲਿਮਟਿਡ ਵੱਲੋਂ ਵੀ ਉੱਚ ਅਧਿਕਾਰੀ ਹਾਜ਼ਰ ਸਨ। ਕੌਮੀ ਰਾਜਧਾਨੀ ਦਿੱਲੀ ਵਿੱਚ ਕੂੜਾ ਪ੍ਰਬੰਧਨ ਵੱਡੀ ਸਮੱਸਿਆ ਬਣ ਗਿਆ ਹੈ। ਓਖਲਾ ਤੇ ਗਾਜੀਪੁਰ ਦੇ ਕੂੜਾ ਨੁਮਾ ਪਹਾੜ ਅਜੇ ਹਟਾਏ ਨਹੀਂ ਜਾ ਸਕੇ।

