Pellet Gun Ban: ਰੈਪਿਡ ਐਕਸ਼ਨ ਫੋਰਸ ਵੱਲੋਂ ਪੈਲੇਟ ਗੰਨ ਦੀ ਵਰਤੋਂ ’ਤੇ ਪਾਬੰਦੀ
ਜੰਤਰ-ਮੰਤਰ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ’ਤੇ ਕੀਤੀ ਸੀ ਵਰਤੋਂ; ਲੋੜੋਂ ਵੱਧ ਸਖਤ ਕਾਰਵਾਈ ਦੀ ਹੋਈ ਸੀ ਨਿਖੇਧੀ
Jantar Mantar Protest: ਰੈਪਿਡ ਐਕਸ਼ਨ ਫੋਰਸ (RAF) ਨੇ ਪੈਲੇਟ ਗੰਨ (pellet gun) ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਉੱਚ ਪੱਧਰੀ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਨਿਰਦੇਸ਼ ਕੌਮੀ ਰਾਜਧਾਨੀ ਦੇ ਜੰਤਰ-ਮੰਤਰ ਵਿਚ ਕੌਕਰੇਚ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਨੀਟ (NEET) ਪੇਪਰ ਲੀਕ ਪ੍ਰਦਰਸ਼ਨਾਂ ਦੌਰਾਨ ਫ਼ੋਰਸ ਦੇ ਨੇਮਾਂ ਦੀ ਸਮੀਖਿਆ ਕਰਨ ਸਮੇਂ ਜਾਰੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਰਾਜਧਾਨੀ ਵਿੱਚ ਨਿਹੱਥੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਆਰ.ਏ.ਐੱਫ. (RAF) ਜਵਾਨਾਂ ਵੱਲੋਂ ਲੋੜ ਤੋਂ ਵੱਧ ਤਾਕਤ ਵਰਤਣ ਅਤੇ ਖ਼ਾਸ ਕਰਕੇ ਪੈਲੇਟ ਗੰਨ ਦੀ ਵਰਤੋਂ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫ਼ੋਰਸ ਦੇ ਉੱਚ ਅਧਿਕਾਰੀਆਂ ਨੇ ਹੁਕਮ ਦਿੱਤੇ ਹਨ ਕਿ ਅਗਲੇ ਹੁਕਮਾਂ ਤੱਕ ਪੈਲੇਟ ਗੰਨ, ਰੌਇਟ ਗੰਨ (riot guns), ਇਲੈਕਟ੍ਰਿਕ ਸ਼ੌਕ ਡਿਵਾਈਸ ਅਤੇ ਇਲੈਕਟ੍ਰਿਕ ਸ਼ੀਲਡਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
20 ਜੁਲਾਈ ਦੀ ਕਾਰਵਾਈ ਦੀ ਸਮੀਖਿਆ ਕੀਤੀ
ਸੂਤਰਾਂ ਨੇ ਦੱਸਿਆ ਕਿ 20 ਜੁਲਾਈ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਫ਼ੋਰਸ ਦੇ ਨੇਮਾਂ ਦੀ ਸਮੀਖਿਆ ਕੀਤੀ ਗਈ ਜਿਸ ਵਿੱਚ ਕਈ ਵਿਦਿਆਰਥੀਆਂ ਨੂੰ ਪੈਲੇਟ ਗੰਨ ਦੀ ਵਰਤੋਂ ਕਾਰਨ ਗੰਭੀਰ ਸੱਟਾਂ ਲੱਗੀਆਂ ਸਨ। ਇਸ ਗੱਲ ਦਾ ਵੀ ਨੋਟਿਸ ਲਿਆ ਗਿਆ ਕਿ ਅਰਧ-ਸੈਨਿਕ ਬਲ ਦੇ ਜਵਾਨਾਂ ਨੇ ਕਈ ਥਾਵਾਂ 'ਤੇ ਵਿਦਿਆਰਥੀਆਂ 'ਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਾਰਵਾਈ ਕੀਤੀ। ਸਮੀਖਿਆ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਹੁਣ ਤੋਂ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ਵੇਲੇ ਆਰ.ਏ.ਐੱਫ. (RAF) ਵੱਲੋਂ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਪ੍ਰੋਟੋਕੋਲ ਦੇ ਅਨੁਸਾਰ ਹੋਵੇਗੀ। ਮਾਹਿਰਾਂ ਅਨੁਸਾਰ ਅੰਤਰਰਾਸ਼ਟਰੀ ਸੰਧੀਆਂ ਅਤੇ ਸਮਝੌਤੇ ਪੈਲੇਟ ਗੰਨ ਦੀ ਵਰਤੋਂ ਦੀ ਮਨਾਹੀ ਕਰਦੇ ਹਨ ਪਰ ਇਸ ਦੇ ਬਾਵਜੂਦ ਦਿੱਲੀ ਵਿੱਚ ਵਿਦਿਆਰਥੀਆਂ 'ਤੇ ਇਨ੍ਹਾਂ ਦੀ ਵਰਤੋਂ ਕੀਤੀ ਗਈ ਸੀ।
ਦਿੱਲੀ ਵਿੱਚ ਸੀ.ਆਰ.ਪੀ.ਐੱਫ. (CRPF) ਅਤੇ ਆਰ.ਏ.ਐੱਫ. ਦੀਆਂ ਵਾਧੂ ਕੰਪਨੀਆਂ ਤਾਇਨਾਤ
ਜ਼ਿਕਰਯੋਗ ਹੈ ਕਿ ਆਰ.ਏ.ਐੱਫ., ਸੀ.ਆਰ.ਪੀ.ਐੱਫ. (CRPF) ਦੀ ਇੱਕ ਵਿਸ਼ੇਸ਼ ਯੂਨਿਟ ਹੈ ਜਿਸ ਨੂੰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਕੀਤਾ ਜਾਂਦਾ ਹੈ। ਦੂਜੇ ਪਾਸੇ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੀ.ਆਰ.ਪੀ.ਐੱਫ. ਅਤੇ ਆਰ.ਏ.ਐੱਫ. ਦੀਆਂ 16 ਵਾਧੂ ਕੰਪਨੀਆਂ ਨੂੰ ਏਅਰਲਿਫਟ ਕਰਕੇ ਦਿੱਲੀ ਲਿਆਂਦਾ ਜਾ ਰਿਹਾ ਹੈ ਜੋ ਜਲਦੀ ਹੀ ਹਿੰਡਨ ਏਅਰਬੇਸ ਪਹੁੰਚਣਗੀਆਂ। ਇਨ੍ਹਾਂ ਵਿੱਚੋਂ 10 ਕੰਪਨੀਆਂ ਸੀ.ਆਰ.ਪੀ.ਐੱਫ. ਦੀਆਂ ਅਤੇ 6 ਕੰਪਨੀਆਂ ਆਰ.ਏ.ਐੱਫ. ਦੀਆਂ ਹਨ। ਇਹ ਨਵੀਂ ਤਾਇਨਾਤੀ ਰਾਜਧਾਨੀ ਵਿੱਚ ਪਹਿਲਾਂ ਤੋਂ ਤਾਇਨਾਤ ਸੀ.ਆਰ.ਪੀ.ਐੱਫ. ਅਤੇ ਆਰ.ਪੀ.ਐੱਫ. ਦੀਆਂ 45 ਕੰਪਨੀਆਂ ਤੋਂ ਇਲਾਵਾ ਹੋਵੇਗੀ। ਇਸ ਤਾਜ਼ਾ ਤਾਇਨਾਤੀ ਪਿੱਛੇ ਮੁੱਖ ਕਾਰਨ ਸੰਸਦ ਦਾ ਚੱਲ ਰਿਹਾ ਸੈਸ਼ਨ, ਦਿੱਲੀ ਅਤੇ ਐੱਨ.ਸੀ.ਆਰ. ਵਿੱਚ ਹੋਣ ਵਾਲੇ ਪ੍ਰਦਰਸ਼ਨਾਂ ਦੇ ਇਨਪੁਟ ਨੂੰ ਦੱਸਿਆ ਜਾ ਰਿਹਾ ਹੈ।

