ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਸਤੰਬਰ
ਦੇਸ਼ ਦੇ ਸਭ ਤੋਂ ਵੱਡੇ ਦੇਸੀ ਦਵਾਈਆਂ ਦੇ ਆਲ ਇੰਡੀਆ ਆਯੁਰਵੈਦ ਸੰਸਥਾ (ਏਆਈਆਈਏ) ਨੂੰ ਕੌਮੀ ਮਾਰਗ ਤੋਂ ਕੋਈ ਨੇੜਲਾ ਕੱਟ ਨਾ ਹੋਣ ਕਰ ਕੇ ਮਰੀਜ਼ਾਂ, ਡਾਕਟਰਾਂ ਤੇ ਤਾਮੀਰਦਾਰਾਂ ਨੂੰ ਦੋ ਕਿਲੋਮੀਟਰ ਦੂਰ ਤੋਂ ਯੂ-ਟਰਨ ਲੈ ਕੇ ਹਸਪਤਾਲ ਪਹੁੰਚਣਾ ਪੈਂਦਾ ਹੈ।
ਦਿੱਲੀ ਦੇ ਬਦਰਪੁਰ ਬਾਰਡਰ ਨੇੜੇ ਕੌਮੀ ਸ਼ਾਹਰਾਹ -2 ਉਪਰ ਬਣੇ ਇਸ ਆਯੂਰਵੈਦ ਸੰਸਥਾ ਨੂੰ ਦੱਖਣੀ ਭਾਰਤ ਵੱਲੋਂ ਬਦਰਪੁਰ ਤਰਫੋਂ ਆਉਣ ਸਮੇਂ ਹਸਪਤਾਲ ਪਹੁੰਚਣ ਲਈ ਸਰਿਤਾ ਵਿਹਾਰ (ਜਸੋਲਾ) ਦੇ ਪੁੱਲ ਹੇਠੋਂ ਯੂ-ਟਰਨ ਲੈਣਾ ਪੈਂਦਾ ਹੈ। ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਮਰੀਜ਼ਾਂ ਨੂੰ ਦੋ ਕਿਲੋਮੀਟਰ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ। ਉੱਥੇ ਇਲਾਜ ਕਰਵਾਉਣ ਆਏ ਕਈ ਮਰੀਜ਼ਾਂ ਨੇ ਦੱਸਿਆ ਕਿ ਕਈ ਵਾਰ ਯੂ-ਟਰਨ ਲੈਣ ਲਈ ਮਥੁਰਾ ਰੋਡ ਦੇ ਜਾਮ ’ਚ ਵੀ ਐਂਬੂਲੈਂਸਾਂ ਫਸ ਜਾਂਦੀਆਂ ਹਨ। ਪ੍ਰਸ਼ਾਸਨ ਨੇ ਆਲੀ ਪਿੰਡ ਤੇ ਸਰਿਤਾ ਵਿਹਾਰ ਦੀਆਂ ਲਾਲ ਬੱਤੀਆਂ ਵਾਲੇ ਕੱਟ ਬੰਦ ਕਰ ਦਿੱਤੇ ਹਨ। ਦੱਖਣੀ ਪਾਸਿਓਂ ਆਉਣ ਵਾਲੀਆਂ ਗੱਡੀਆਂ ਨੂੰ ਦੂਜੇ ਪਾਸੇ ਆਲ ਇੰਡੀਆ ਆਯੁਰਵੈਦ ਸੰਸਥਾ ਵੱਲ ਜਾਣ ਲਈ ਇੱਕੋ ਰਾਹ ਸਰਿਤਾ ਵਿਹਾਰ ਦਾ ਯੂ- ਟਰਨ ਹੀ ਬਚਿਆ ਹੈ। ਸੰਸਥਾ ਤੋਂ ਸਰਿਤਾ ਵਿਹਾਰ ਨੂੰ ਉਲਟੀ ਦਿਸ਼ਾ ਵੱਲ ਚੱਲਦੇ ਈ-ਰਿਕਸ਼ਾ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਕਈ ਮਹਿਲਾ ਮਰੀਜ਼ਾਂ ਨੇ ਦੱਸਿਆ ਕਿ ਨੇੜਿਉਂ ਲੰਘਦੀ ਰੇਲ ਆਵਾਜਾਈ ਲਈ ਬਣੇ ਪੁੱਲ ਦੇ ਹੇਠਾਂ ਗੈਰ ਸਮਾਜੀ ਤੱਤਾਂ ਦਾ ਜਮਾਵੜਾ ਰਹਿੰਦਾ ਹੈ ਤੇ ਹਨੇਰਾ ਹੋਣ ’ਤੇ ਔਰਤਾਂ ਨੂੰ ਡਰ ਭਰੇ ਮਾਹੌਲ ਵਿਚੋਂ ਜਾਣਾ ਪੈਂਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਆਲੀ ਪਿੰਡ ਦੀ ਲਾਲਬੱਤੀ ਵਾਲੇ ਕੱਟ ਨੁੰ ਧੌਲ੍ਹਾ ਕੂੰਆਂ -ਰਾਜੌਰੀ ਗਾਰਡਨ ਮਾਰਗ ਦੇ ਕੂਹਣੀ ਮੋੜਾਂ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇ। ਮੁੱਖ ਦੁਆਰ ਕੋਲੋਂ ਕਬਜ਼ੇ ਹਟਾਏ ਜਾਣ ਤਾਂ ਕਿ ਗੇਟ ਦੂਰੋਂ ਦਿਖਾਈ ਦੇਵੇ।