ਮਹਿਲਾ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ’ਚ ਸ਼ਮੂਲੀਅਤ

ਮਹਿਲਾ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ’ਚ ਸ਼ਮੂਲੀਅਤ

ਪੱਤਰ ਪ੍ਰੇਰਕ

ਨਵੀਂ ਦਿੱਲੀ, 29 ਨਵੰਬਰ

ਦਿੱਲੀ ਦੀ ਸਿੰਘੂ ਹੱਦ ’ਤੇ ‘ਦਿੱਲੀ ਚੱਲੋ’ ਅੰਦੋਲਨ ਵਿੱਚ ਪੁੱਜੀਆਂ ਵਿਦਿਆਰਥਣਾਂ ਤੇ ਮਹਿਲਾ ਜਥੇਬੰਦੀਆਂ ਦੀ ਹਾਜ਼ਰੀ ਨਾਲ ਹੁਣ ਅੰਦੋਲਨ ਨਵੀਂ ਅੰਗੜਾਈ ਲੈਣ ਲੱਗਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਈਆਂ ਵਿਦਿਆਰਥਣਾਂ ਤੇ ‘ਬੇਖੌਫ਼ ਆਜ਼ਾਦੀ’ ਦੀਆਂ ਕਾਰਕੁਨਾਂ ਵੱਲੋਂ ਇਸ ਅੰਦੋਲਨ ਦੌਰਾਨ ਭਾਵਨਾਤਮਕ ਸਾਂਝ ਨੂੰ ਪੁਖ਼ਤਾ ਕੀਤਾ ਜਾ ਰਿਹਾ ਹੈ।

‘ਸਟੂਡੈਂਟਸ ਫਾਰ ਸੁਸਾਇਟੀ’ ਨਾਲ ਜੁੜੀ ਸੰਗਰੂਰ ਦੀ ਤਨਜੀਤ ਨੇ ਕਿਹਾ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਆਪਣੀ ਪਸੰਦ ਦੀ ਥਾਂ ਧਰਨੇ ਦੇਣ ਲਈ ਆਖਣਾ ਉਸ ਦੀ ਕਿਸੇ ਚਾਲ ਵੱਲ ਇਸ਼ਾਰਾ ਕਰਦਾ ਹੈ। ਵਿਦਿਆਰਥਣ ਅਨੁਸਾਰ ਕਿਸਾਨ ਤਾਂ ਆਪਣੀਆਂ ਹੱਕੀ ਮੰਗਾਂ ਲਈ ਕੌਮੀ ਰਾਜਧਾਨੀ ਵਿੱਚ ਹਲਚਲ ਪੈਦਾ ਕਰਨ ਆਏ ਹਨ। ‘ਬੇਖੌਫ ਆਜ਼ਾਦੀ’ ਦੀ ਕਾਰਕੁਨ ਅਰਪਨ ਨੇ ਕਿਹਾ ਕਿ ਤਿੰਨਾਂ ਕਾਨੂੰਨਾਂ ਦੇ ਸੰਘਰਸ਼ ਦੌਰਾਨ ਔਰਤ ਦੇ ਹਿੱਸੇ ਨੂੰ ਘੋਖਣ ਦੀ ਲੋੜ ਹੈ, ਜੋ ਔਰਤਾਂ ਖੇਤਾਂ ’ਚ ਮਿਹਨਤ ਕਰ ਰਹੀਆਂ ਹਨ, ਹੁਣ ਭਾਵਨਾਤਮਕ ਤੌਰ ’ਤੇ ਜੁੜੀਆਂ ਹਨ ਤੇ ਜ਼ਮੀਨੀ ਪੱਧਰ ’ਤੇ ਹਿੱਸਾ ਪਾ ਰਹੀਆਂ ਹਨ। ਉਹ ਲੰਮਾ ਪੈਂਡਾ ਤੈਅ ਕਰ ਕੇ ਦਿੱਲੀ ਪੁੱਜੀਆਂ ਹਨ। ਹਰਿਆਣਾ ਦੀ ਕਨੂਪ੍ਰਿਆ ਨੇ ਕਿਹਾ ਕਿ ਇਹ ਕਿਸਾਨਾਂ ਦੀ ਇਤਿਹਾਸਕ ਲਹਿਰ ਬਣ ਗਈ ਹੈ। ਇੱਥੋਂ ਹੀ ਹੋਰ ਲੜਾਈਆਂ ਮਿਥੀਆਂ ਜਾਣਗੀਆਂ ਅਤੇ ਉਨ੍ਹਾਂ ਕੋਲ ਵੀ ਆਪਣੀ ਆਜ਼ਾਦੀ ਦਾ ਹੋਕਾ ਦੇਣ ਦਾ ਮੌਕਾ ਹੈ। ਹਰਿਆਣਾ ਦੇ ਹਿਸਾਰ ਤੋਂ ਅੰਜਲੀ, ਭਵਨ, ਸਿਮਰਨ, ਸਿਮਰਨਜੀਤ ਤੇ ਨੀਤੂ ਆਜ਼ਾਦ, ਡੈਮੋਕ੍ਰੈਟਿਕ ਸਟੂਡੈਂਟਸ ਆਰਗਨਾਈਜ਼ੇਸ਼ਨ ਵੱਲੋਂ ਵੀ ਕਾਰਕੁਨਾਂ ਧਰਨੇ ਵਿਚ ਪੁੱਜੀਆਂ ਹੋਈਆਂ ਹਨ। ਉਨ੍ਹਾਂ ਮੁਤਾਬਕ ਇਹ ਕਿਸੇ ਇੱਕ ਦੀ ਲੜਾਈ ਨਹੀਂ ਸਗੋਂ ਸਾਰੇ ਭਾਰਤ ਦੇ ਕਿਸਾਨਾਂ ਦੀ ਹੋਣੀ ਦਾ ਘੋਲ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All