ਪੰਜਾਬੀ ਹੈਲਪ ਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ ਅਤੇ ਜਨਰਲ ਸਕੱਤਰ ਸੁਨੀਲ ਕੁਮਾਰ ਬੇਦੀ ਨੇ ਆਲ ਇੰਡੀਆ ਰੇਡੀਓ ਦਿੱਲੀ ਕੇਂਦਰ ਦੇ ਪੰਜਾਬੀ ਸੈਕਸ਼ਨ ਵੱਲੋਂ ਪ੍ਰਸਾਰਿਤ ਪ੍ਰੋਗਰਾਮ ‘ਮਿੱਟੀ ਦੀ ਮਹਿਕ’ ਦੀ ਇੰਚਾਰਜ ਪਰਮਿੰਦਰ ਕੌਰ ਨੂੰ ਈ-ਪੇਪਰ ‘ਸੰਦੇਸ਼’ ਦੀ ਕਾਪੀ ਉਨ੍ਹਾਂ ਦੇ ਦਫ਼ਤਰ ਵਿੱਚ ਵਿਸ਼ੇਸ਼ ਤੌਰ ’ਤੇ ਭੇਟ ਕੀਤੀ। ਇਸ ਮੌਕੇ ਪਰਮਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਹੈਲਪ ਲਾਈਨ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਖਾਸ ਤੌਰ ’ਤੇ ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀ ਭਾਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਬੋਲੀ ਨਾਲ ਜੋੜਨ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜ ਮੀਲ-ਪੱਥਰ ਸਾਬਤ ਹੋ ਰਹੇ ਹਨ। ਸੰਸਥਾ ਪੰਜਾਬੀ ਭਾਸ਼ਾ ਦੇ ਨਵੇਂ ਸਾਹਿਤਕਾਰਾਂ ਨੂੰ ਜੋ ਮੰਚ ਮੁਹੱਈਆ ਕਰਾ ਰਹੀ ਹੈ ਉਸ ਦਾ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਚੁੱਕਣਾ ਚਾਹੀਦਾ ਹੈ। ਪਰਮਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਪ੍ਰੋਗਰਾਮ ‘ਮਿਟੀ ਦੀ ਮਹਿਕ’ ਰਾਹੀਂ ਉਹ ਸਾਹਿਤਕਾਰਾਂ, ਭਾਸ਼ਾ-ਪ੍ਰੇਮੀਆਂ ਨੂੰ ਆਪਣੇ ਦਿੱਲੀ ਕੇਂਦਰ ’ਤੇ ਬੁਲਾ ਕੇ ਉਨ੍ਹਾਂ ਦੇ ਕਲਾਮ ਅਤੇ ਵਿਚਾਰਾਂ ਨੂੰ ਸਰੋਤਿਆਂ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਹੇ ਹਨ ਜਿਸ ਸਦਕਾ ਸੈਂਕੜੇ ਪੰਜਾਬੀ ਪ੍ਰੇਮੀ ਇਸ ਪ੍ਰੋਗਰਾਮ ਨਾਲ ਜੁੜ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।
ਪ੍ਰਕਾਸ਼ ਗਿੱਲ ਅਤੇ ਸੁਨੀਲ ਬੇਦੀ ਵੱਲੋਂ ਪਰਮਿੰਦਰ ਕੌਰ ਨੂੰ ਅਪੀਲ ਕੀਤੀ ਗਈ ਕਿ ਆਲ ਇੰਡੀਆ ਰੇਡੀਓ ਦੇ ਦਿੱਲੀ ਕੇਂਦਰ ਵਿੱਚ ਆਉਣ ਵਾਲੇ ਸਾਹਿਤਕਾਰਾਂ ਨੂੰ ਵੀ ਉਹ ਈ-ਪੇਪਰ ਸੰਦੇਸ਼ ਨਾਲ ਜੁੜਨ ਲਈ ਪ੍ਰੇਰਿਤ ਕਰਨ।

