ਦਿੱਲੀ ’ਚ ਵਿਦੇਸ਼ਾਂ ਦੀ ਤਰਜ਼ ’ਤੇ ਜਲ ਸਪਲਾਈ ਦੀ ਯੋਜਨਾ

ਦਿੱਲੀ ’ਚ ਵਿਦੇਸ਼ਾਂ ਦੀ ਤਰਜ਼ ’ਤੇ ਜਲ ਸਪਲਾਈ ਦੀ ਯੋਜਨਾ

ਵੀਡੀਓ ਕਾਨਫਰੰਸਿੰਗ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਸਤੰਬਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਹੋਰ ਮੁਲਕਾਂ ਦੀਆਂ ਰਾਜਧਾਨੀਆਂ ਵਾਂਗ ਦਿੱਲੀ ’ਚ ਪੀਣ ਵਾਲੇ ਸਾਫ਼ ਪਾਣੀ ਦੀ ਪੂਰਤੀ 24 ਘੰਟੇ ਯਕੀਨੀ ਬਣਾਉਣ ਲਈ ਜਲ ਸਪਲਾਈ ਪ੍ਰਤੀ ਜਵਾਬਦੇਹੀ ਤੈਅ ਕਰਨ ਸਮੇਤ ਨਵੀਂ ਤਕਨੀਕ ਅਪਣਾਉਣ ਲਈ ਸਲਾਹਕਾਰ ਨਿਯੁਕਤ ਕੀਤਾ ਜਾਵੇਗਾ।

ਕੁੱਝ ਵਿਰੋਧੀ ਵੱਲੋਂ ਦਿੱਲੀ ਵਿੱਚ ਪਾਣੀ ਦੇ ਨਿੱਜੀਕਰਨ ਸਬੰਧੀ ਉਨ੍ਹਾਂ ਸਪਸ਼ਟ ਕੀਤਾ ਕਿ ਪਾਣੀ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ। ਦਿੱਲੀ ਸਰਕਾਰ ਨੇ ਇਸ ਦੇ ਲਈ ਸਲਾਹਕਾਰ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜੋ ਸਰਕਾਰ ਨੂੰ ਪਾਣੀ ਦੀ ਹਰ ਬੂੰਦ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਪ੍ਰਬੰਧਨ ਤੇ ਆਧੁਨਿਕ ਤਕਨਾਲੋਜੀ ਬਾਰੇ ਦੱਸੇਗਾ। ਕੇਜਰੀਵਾਲ ਨੇ ਕਿਹਾ, ‘‘ਦਿੱਲੀ ਵਿੱਚ ਪ੍ਰਤੀ ਵਿਅਕਤੀ 176 ਲੀਟਰ ਪਾਣੀ ਪੈਦਾ ਹੁੰਦਾ ਹੈ, ਪਰ ਬਹੁਤ ਸਾਰਾ ਪਾਣੀ ਬਰਬਾਦ ਹੋ ਜਾਂਦਾ ਹੈ। ਹੁਣ ਸਾਨੂੰ ਪਾਣੀ ਦੇ ਪ੍ਰਬੰਧਨ ਤੇ ਸਿਸਟਮ ਦੀ ਜਵਾਬਦੇਹੀ ਬਾਰੇ ਫੈਸਲਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਪਾਣੀ ਦੀ ਇੱਕ ਬੂੰਦ ਵੀ ਬਰਬਾਦ ਨਾ ਹੋਵੇ।’’ ਉਨ੍ਹਾਂ ਕਿਹਾ ਕਿ ਯੂਪੀ, ਹਿਮਾਚਲ ਪ੍ਰਦੇਸ਼, ਉਤਰਾਖੰਡ ਸਮੇਤ ਹੋਰ ਰਾਜ ਸਰਕਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਦਿੱਲੀ ਵਿੱਚ ਪਾਣੀ ਦੀ ਉਪਲੱਬਧਤਾ ਨੂੰ ਹੋਰ ਵਧਾਇਆ ਜਾ ਸਕੇ। ਕੇਜਰੀਵਾਲ ਨੇ ਕਿਹਾ ਕਿ ਕਰੋਨਾ ਕਾਰਨ ਇਸ ਯੋਜਨਾ ਵਿੱਚ ਦੇਰ ਹੋ ਗਈ ਨਹੀਂ ਤਾਂ ਮਾਰਚ-ਅਪ੍ਰੈਲ ਵਿੱਚ ਹੀ ਸਲਾਹਕਾਰ ਨਿਯੁਕਤ ਕਰਨ ਦੀ ਕਾਰਵਾਈ ਹੁੰਦੀ।

ਮੁੱਖ ਮੰਤਰੀ ਨੇ ਕਿਹਾ, ‘‘ਸਾਨੂੰ ਸਮਝਣਾ ਪਏਗਾ ਕਿ ਅੱਜ ਦਿੱਲੀ ’ਚ ਪਾਣੀ ਦੀ ਘਾਟ ਕਿਉਂ ਹੈ? ਦਿੱਲੀ ’ਚ  24 ਘੰਟੇ ਪਾਣੀ ਕਿਉਂ ਨਹੀਂ ਮਿਲਦਾ? ਦਿੱਲੀ ਦੇਸ਼ ਦੀ ਰਾਜਧਾਨੀ ਹੈ। ਦੁਨੀਆਂ ਦੀ ਕਿਸੇ ਵੀ ਰਾਜਧਾਨੀ ਵਿੱਚ ਜਾਓ, ਟੋਕੀਓ, ਲੰਡਨ, ਪੈਰਿਸ, ਵਾਸ਼ਿੰਗਟਨ ਜਾਓ, ਜਿੱਥੇ ਸਾਫ਼ ਪਾਣੀ 24 ਘੰਟੇ ਮਿਲਦਾ ਹੈ। ਇਹ ਦਿੱਲੀ ’ਚ ਕਿਉਂ ਨਹੀਂ ਮਿਲ ਰਿਹਾ? ਸਾਡੀ ਦਿੱਲੀ ’ਚ  ਪਾਣੀ ਦਾ ਦਬਾਅ ਇੰਨਾ ਘੱਟ ਹੈ ਕਿ ਲੋਕਾਂ ਨੂੰ ਪੰਪ ਲਗਾਉਣੇ ਪੈਂਦੇ ਹਨ। ਲੋਕਾਂ ਨੂੰ ਉਪਰਲੀ ਮੰਜ਼ਲ ਤਕ ਪਾਣੀ ਪੰਪ ਕਰਨਾ ਪੈਂਦਾ ਹੈ। ਜੇ ਕੋਈ ਆਦਮੀ ਪੰਪ ਲਗਾਉਂਦਾ ਹੈ ਤਾਂ ਅਗਲੇ ਵਿਅਕਤੀ ਦੇ ਘਰ ਪਾਣੀ ਨਹੀਂ ਪਹੁੰਚਦਾ। ਹਰ ਇਕ ਨੂੰ ਆਪਣੇ-ਆਪਣੇ ਘਰਾਂ ’ਚ ਟੈਂਕ ਲਗਾਉਣੀਆਂ ਪੈਂਦੀਆਂ ਹਨ।’’  ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ  ਰੋਜ਼ਾਨਾ 930 ਮਿਲੀਅਨ ਗੈਲਨ ਪਾਣੀ ਪੈਦਾ ਹੁੰਦਾ ਹੈ। ਦਿੱਲੀ ਦੀ ਆਬਾਦੀ ਦੋ ਕਰੋੜ ਹੈ। ਇਸਦਾ ਅਰਥ ਇਹ ਹੈ ਕਿ ਦਿੱਲੀ ਦੇ ਹਰ ਵਿਅਕਤੀ ਲਈ ਪ੍ਰਤੀ ਦਿਨ 176 ਲੀਟਰ ਪਾਣੀ ਹੈ। ਇਸ ’ਚ  ਸਾਰਾ ਪਾਣੀ ਸ਼ਾਮਲ ਹੈ। ਉਦਯੋਗਾਂ ਦਾ ਪਾਣੀ, ਸਵੀਮਿੰਗ ਪੂਲਾਂ ਦਾ, ਖੇਤੀਬਾੜੀ ਦੇ ਪਾਣੀ ਸਮੇਤ ਹਰ ਪ੍ਰਕਾਰ ਦਾ ਪਾਣੀ ਸ਼ਾਮਲ ਹੈ। ਇਹ ਬਹੁਤ ਜ਼ਿਆਦਾ ਪਾਣੀ ਨਹੀਂ ਹੈ, ਪਰ ਇਹ ਇੰਨਾ ਘੱਟ ਨਹੀਂ ਹੈ। ਇਕ ਪਾਸੇ ਦਿੱਲੀ ’ਚ ਪਾਣੀ ਦੀ ਉਪਲੱਬਧਤਾ ’ਚ  ਵਾਧਾ ਕਰਨਾ ਪਏਗਾ ਤਾਂ ਜੋ ਦਿੱਲੀ ’ਚ ਪਾਣੀ ਦੀ ਬਹੁਤਾਤ ਹੋ ਸਕੇ। ਉਨ੍ਹਾਂ ਮੰਨਿਆ ਕਿ ਦਿੱਲੀ ਵਿੱਚ ਬਹੁਤ ਸਾਰਾ ਪਾਣੀ ਚੋਰੀ ਹੋ ਜਾਂਦਾ ਹੈ। ਪਾਣੀ ਦੀ ਹਰੇਕ ਬੂੰਦ ਜਵਾਬਦੇਹ ਹੋਣੀ ਚਾਹੀਦੀ ਹੈ। ਇਸ ਵੇਲੇ ਦਿੱਲੀ ’ਚ  ਬਹੁਤ ਸਾਰਾ ਪਾਣੀ ਬਰਬਾਦ ਹੋ ਰਿਹਾ ਹੈ।

ਜਲ ਸਪਲਾਈ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ: ਭਾਜਪਾ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਪੰਜ ਸਾਲਾਂ ਦੇ ਅੰਦਰ ਪੂਰੇ ਦਿੱਲੀ ’ਚ ਪਾਈਪ ਲਾਈਨ ਤੋਂ ਜਲ ਸਪਲਾਈ ਕਰਨ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ। ਇਹ ਦਰਸਾਉਂਦਾ ਹੈ ਕਿ ਦਿੱਲੀ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੈ। ਬੱਸ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਉਹ ਫਿਲਮੀ ਸੰਵਾਦਾਂ ਨਾਲ ਦਿੱਲੀ ਵਾਲਿਆਂ ਦੇ ਸਾਹਮਣੇ ਆਉਂਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੂਜਾ ਕਾਰਜਕਾਲ ਵੀ ਸ਼ੁਰੂ ਹੋ ਗਿਆ ਹੈ ਪਾਈਪ ਲਾਈਨ ਤੋਂ ਜਲ ਸਪਲਾਈ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਭਾਜਪਾ ਪ੍ਰਧਾਨ ਨੇ ਕਿਹਾ ਕਿ ਸਾਲ 2019 ’ਚ ਇੱਕ ਬੀਆਈਐਸ ਦੀ ਰਿਪੋਰਟ ’ਚ ਖੁਲਾਸਾ ਹੋਇਆ ਸੀ ਕਿ ਦਿੱਲੀ ’ਚ ਸਪਲਾਈ ਕੀਤੇ ਜਾ ਰਹੇ ਪਾਣੀ ਦੀ ਗੁਣਵੱਤਾ ਬਹੁਤ ਮਾੜੀ ਹੈ। ਕੇਜਰੀਵਾਲ ਸਰਕਾਰ ਦਿੱਲੀ ਜਲ ਬੋਰਡ ਨੂੰ ਨਿੱਜੀ ਹੱਥਾਂ ’ਚ ਦੇ ਕੇ ਇਨ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਬਚਣਾ ਚਾਹੁੰਦੀ ਹੈ।

ਜਲ ਬੋਰਡ ਘਾਟੇ ਦੀ ਸੰਸਥਾ ਬਣਾਇਆ: ਕਾਂਗਰਸ

ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਕਾਂਗਰਸ ਪ੍ਰਧਾਨ ਅਨਿਲ ਕੁਮਾਰ ।

ਨਵੀਂ ਦਿੱਲੀ (ਪੱਤਰ ਪ੍ਰੇਰਕ):  ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਅਰਵਿੰਦ ਸਰਕਾਰ ‘ਤੇ ਦੋਸ਼ ਲਾਇਆ ਕਿ ਅਯੋਗਤਾ ਤੇ ਪ੍ਰਸ਼ਾਸਨਿਕ ਅਸਫਲਤਾਵਾਂ ਕਾਰਨ ਦਿੱਲੀ ਜਲ ਬੋਰਡ ‘ਵਨ ਜ਼ੋਨ ਵਨ ਆਪਰੇਟਰ ਮਾਡਲ’ ਲਾਗੂ ਕਰਨ ਦਾ ਫ਼ੈਸਲਾ ਕਰ ਰਿਹਾ ਹੈ ਕਿਉਂਕਿ ਦਿੱਲੀ ਜਲ ਬੋਰਡ ’ਚ ਫੈਲੇ ਭ੍ਰਿਸ਼ਟਾਚਾਰ ਨੇ ਇਸ ਨੂੰ ਘਾਟਾ ਵਾਲੀ ਸੰਸਥਾ ਬਣਾ ਦਿੱਤਾ ਹੈ। ਅਨਿਲ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੁਫਤ ਪਾਣੀ ਦੇਣ ਦੀ ਵੋਟ ਬੈਂਕ ਦੀ ਰਾਜਨੀਤੀ ’ਤੇ ਵੀ ਬਹੁਤ ਘੱਟ ਲੋਕਾਂ ਨੂੰ ਇਹ ਲਾਭ ਮਿਲ ਰਿਹਾ ਹੈ। ਕੇਜਰੀਵਾਲ ਸਰਕਾਰ ਆਪਣੇ ਕੰਮਕਾਜ ’ਚ ਸੁਧਾਰ ਨਹੀਂ ਕਰ ਸਕੀ ਹੈ ਤੇ ਜਲ ਬੋਰਡ ਪੂਰੀ ਤਰ੍ਹਾਂ ਟੈਂਕਰ ਮਾਫੀਆ ਦੇ ਅਧੀਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਦਿੱਲੀ ਦੇ ਲੋਕਾਂ ਨੂੰ ਪੀਣ ਯੋਗ ਪਾਣੀ ਨਹੀਂ ਦਿੱਤਾ ਜਾ ਰਿਹਾ ਸੀ ਇਹ 16 ਨਵੰਬਰ 2019 ਦੀ ਸਰਵੇਖਣ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 21 ਸ਼ਹਿਰਾਂ ਦੀ ਪਾਣੀ ਦੀ ਗੁਣਵੱਤਾ  ’ਚ  ਸਭ ਤੋਂ ਮਾੜੀ ਹਾਲਤ  ’ਚ  ਦਿੱਲੀ ਦਾ ਪਾਣੀ ਪਾਇਆ ਗਿਆ ਸੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਵਿੱਚ ਲੱਖਾਂ ਲੋਕ ਬੇਰੁਜ਼ਗਾਰੀ ਕਾਰਨ ਰੋਜ਼ੀ-ਰੋਟੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਜੇਕਰ ਇਸ ਸੰਕਟ ਵਿੱਚ ਸਰਕਾਰ ਨੇ ਦਿੱਲੀ ਜਲ ਬੋਰਡ  ਦਾ ਨਿੱਜੀਕਰਨ ਕੀਤਾ ਤਾਂ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ’ਤੇ ਸਿੱਧਾ ਅਸਰ ਪਏਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਨਿੱਜੀਕਰਨ ਦੇ ਨਮੂਨੇ ’ਤੇ ਚੱਲ ਰਹੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All