ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਦਿੱਲੀ ਦੇ ਉਪ ਰਾਜਪਾਲ ਦਫ਼ਤਰ ਨੇ ਬੁੱਧਵਾਰ ਨੂੰ ਕਿਹਾ ਕਿ ਐੱਲਜੀ ਵੀਕੇ ਸਕਸੈਨਾ ਨੇ ਸਰਕਾਰ ਦੇ ਸਿੱਖਿਆ ਵਿਭਾਗ ਨੂੰ ਪੱਕੀਆਂ ਅਸਾਮੀਆਂ ਭਰਨ ਅਤੇ ਕਰਮਚਾਰੀਆਂ ਨੂੰ ਐਡਹਾਕ ਆਧਾਰ ’ਤੇ ਬਰਕਰਾਰ ਨਾ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਵੱਲੋਂ ਸਿੱਖਿਆ ਡਾਇਰੈਕਟੋਰੇਟ ਵਿੱਚ ਟੋਕੀਓ ਪੈਰਾਲੰਪਿਕ ਖੇਡਾਂ 2020 ਵਿੱਚ ਤਗਮਾ ਜੇਤੂ ਸ਼ਰਦ ਕੁਮਾਰ ਤੇ ਟੋਕੀਓ ਓਲੰਪਿਕ 2020 ਵਿੱਚ ਪਹਿਲਵਾਨ ਤਗਮਾ ਜੇਤੂ ਰਵੀ ਕੁਮਾਰ ਦੀ ਐਡਹਾਕ ਨਿਯੁਕਤੀ ਨੂੰ ਛੇ ਮਹੀਨਿਆਂ ਦੀ ਹੋਰ ਮਿਆਦ ਲਈ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸ਼ਰਦ ਕੁਮਾਰ ਸਹਾਇਕ ਨਿਰਦੇਸ਼ਕ ਸਿੱਖਿਆ ਤੇ ਰਵੀ ਕੁਮਾਰ ਸਹਾਇਕ ਨਿਰਦੇਸ਼ਕ (ਖੇਡਾਂ) ਦੇ ਅਹੁਦੇ ’ਤੇ ਕੰਮ ਕਰ ਰਹੇ ਹਨ। ਉਕਤ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੰਦੇ ਹੋਏ ਐੱਲਜੀ ਨੇ ਜੀਐੱਨਸੀਟੀਡੀ ਦੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਸਹਿਮਤੀ ਨਾਲ ਉਨ੍ਹਾਂ ਦੀਆਂ ਨਿਯੁਕਤੀਆਂ ਨੂੰ ਨਿਯਮਤ ਕਰਨ ਲਈ ਤੇਜ਼ੀ ਨਾਲ ਯਤਨ ਕਰਨ ਅਤੇ ਯਕੀਨੀ ਬਣਾਉਣ। ਉਪ ਰਾਜਪਾਲ ਨੇ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਸਰਕਾਰ ਵਿੱਚ ਮੌਜੂਦਾ ਖਾਲੀ ਅਸਾਮੀਆਂ ’ਤੇ ਨਿਯਮਤ ਨਿਯੁਕਤੀਆਂ ਲਈ ਦਬਾਅ ਪਾਇਆ ਹੈ ਕਿਉਂਕਿ ਇਹ ਠੇਕੇ ਤੇ ਐਡਹਾਕ ਦੀ ਪ੍ਰਚਲਿਤ ਪ੍ਰਥਾ ਦੇ ਵਿਰੁੱਧ ਹੈ। ਉਪ ਰਾਜਪਾਲ ਨੇ ਕਈ ਵਾਰ ਇਹ ਇਸ਼ਾਰਾ ਕੀਤਾ ਹੈ ਕਿ ਇਕਰਾਰਨਾਮੇ ਅਤੇ ਐਡਹਾਕ ਨਿਯੁਕਤੀਆਂ ਰਾਹੀਂ ਸੋਸ਼ਣ ਹੁੰਦਾ ਹੈ।